ਕਾਬੁਲ- ਅਫਗਾਨਿਸਤਾਨ ਵਿਚ ਇਕ ਵਾਰ ਮੁੜ ਅੱਤਵਾਦ ਵਧਦਾ ਨਜ਼ਰ ਆ ਰਿਹਾ ਹੈ। ਰਾਸ਼ਟਰਪਤੀ ਅਸ਼ਰਫ ਗਨੀ ਦੇ ਚਚੇਰੇ ਭਰਾ ਨੂੰ ਦੇਸ਼ ਦੀ ਰਾਜਧਾਨੀ ਕਾਬੁਲ ਵਿਚ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਅਜਿਹੇ ਵਿਚ ਸੋਚਿਆ ਜਾ ਸਕਦਾ ਹੈ ਕਿ ਅੱਤਵਾਦੀਆਂ ਦੇ ਹੌਂਸਲੇ ਕਿੰਨੇ ਬੁਲੰਦ ਹਨ ਕਿ ਦੇਸ਼ ਵਿਚ ਰਾਸ਼ਟਰਪਤੀ ਦਾ ਪਰਿਵਾਰ ਹੀ ਸੁਰੱਖਿਅਤ ਨਹੀਂ ਹੈ।

ਅਫਗਾਨਿਸਤਾਨੀ ਮੀਡੀਆ ਮੁਤਾਬਕ ਰਾਸ਼ਟਰਪਤੀ ਦੇ ਚਚੇਰੇ ਭਰਾ ਰਿਸ਼ਦ ਅਹਿਮਦਜ਼ਈ ਦੀ ਕਾਬੁਲ ਦੇ ਪੀਡੀ 6 ਵਿਚ ਉਨ੍ਹਾਂ ਦੇ ਘਰ ਵਿਚ ਗੋਲੀ ਮਾਰੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸ਼ੁੱਕਰਵਾਰ ਰਾਤ ਨੂੰ ਹੋਈ ਜਦੋਂ ਬੰਦੂਕਧਾਰੀਆਂ ਨੇ ਕਾਬੁਲ ਦੇ ਪੀਡੀ 6 ਵਿਚ ਰਾਸ਼ਟਰਪਤੀ ਦੇ ਚਚੇਰੇ ਭਰਾ ਨੂੰ ਉਨ੍ਹਾਂ ਦੀ ਰਿਹਾਇਸ਼ ਵਿਚ ਦਾਖਲ ਹੋ ਕੇ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੱਤਿਆਰੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।