ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਿਹਤ ਮੰਤਰਾਲੇ ਵਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਨਸ਼ਾ ਛੁਡਾਉਣ ਵਾਲੀਆਂ ਗ਼ਾਇਬ ਹੋਇਆ 5 ਕਰੋੜ ਬੁਪਰੇਨੌਰਫਿਨ ਦਾ ਅਤਾ-ਪਤਾ ਨਾ ਦੇਣ ਪਿੱਛੇ ਸਰਕਾਰੀ ਸਰਪ੍ਰਸਤੀ ਵਾਲੇ ਡਰੱਗ ਮਾਫ਼ੀਆ ਦਾ ਹੱਥ ਦੱਸਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ 5 ਕਰੋੜ ਨਸ਼ਾ ਛੁਡਾਊ ਗੋਲੀਆਂ ਗ਼ਾਇਬ ਹੋਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਦਾ ਆਨਾਕਾਨੀ ਰਵੱਈਆ ਵੱਡੇ ਸਵਾਲ ਖੜ੍ਹੇ ਕਰਦਾ ਹੈ। ਨਸ਼ੇ ਦੇ ਇਸ ਕਾਲੇ ਧੰਦੇ ਵਿਚ ਪੰਜਾਬ ਦਾ ਸਿਹਤ ਮੰਤਰਾਲਾ ਸਿੱਧੇ ਤੌਰ ’ਤੇ ਸ਼ਾਮਲ ਹੈ। ਇਸ ਲਈ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ।

ਭਗਵੰਤ ਮਾਨ ਨੇ ਕਿਹਾ ਕਿ ਈਡੀ ਵਲੋਂ ਪੰਜਾਬ ਦੇ ਸਿਹਤ ਮਹਿਕਮੇ ਕੋਲੋਂ ਫਰਵਰੀ 2020 ਵਿਚ 5 ਕਰੋੜ ਬੁਪਰੇਨੌਰਫਿਨ ਗੋਲੀਆਂ ਦਾ ਹਿਸਾਬ ਮੰਗਿਆ ਸੀ, ਜੋ ਭੇਦ ਭਰੇ ਢੰਗ ਨਾਲ ਗ਼ਾਇਬ ਕਰ ਦਿੱਤੀਆਂ ਗਈਆਂ ਸਨ, ਪਰੰਤੂ ਸਿਹਤ ਮੰਤਰਾਲੇ ਨੇ ਅਜੇ ਤੱਕ ਇਨ੍ਹਾਂ ਗ਼ਾਇਬ ਹੋਈਆਂ ਗੋਲੀਆਂ ਬਾਰੇ ਕੋਈ ਜਾਣਕਾਰੀ ਈਡੀ ਨੂੰ ਮੁਹੱਈਆ ਨਹੀਂ ਕਰਵਾਈ। ਮਾਨ ਨੇ ਕਿਹਾ ਕਿ ਇਸ ਗ਼ਬਨ ਦੀਆਂ ਸਿੱਧੀਆਂ ਤਾਰਾਂ ਡਰੱਗ ਮਾਫ਼ੀਆ ਨਾਲ ਜੁੜੀਆਂ ਹੋਈਆਂ ਹਨ। ਜੇਕਰ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੀ ਸਿੱਧੀ ਨਿਗਰਾਨੀ ਹੇਠ ਨਿਰਪੱਖ ਅਤੇ ਸਮਾਂਬੱਧ ਜਾਂਚ ਹੋ ਜਾਵੇ ਤਾਂ ਸਰਕਾਰੀ ਪੁਸ਼ਤ ਪਨਾਹੀ ਥੱਲੇ ਪਲ ਰਹੇ ਡਰੱਗ ਮਾਫ਼ੀਆ ਦੇ ਕਈ ਨਵੇਂ ਰਾਜ ਖੁੱਲ੍ਹਣਗੇ ਤੇ ਇਕ-ਦੋ ਮੰਤਰੀਆਂ ਦੀ ਕੁਰਸੀ ਵੀ ਜਾ ਸਕਦੀ ਹੈ।