ਕਾਨਪੁਰ - ਕਾਨਪੁਰ ਨਾਲ ਲੱਗਦਾ ਬਿਕਰੂ ਪਿੰਡ ਅਜੇ ਚਰਚਾ 'ਚ ਹੈ ਕਿਉਂਕਿ ਉੱਥੇ ਸ਼ੁੱਕਰਵਾਰ ਨੂੰ ਤੜਕੇ ਹਿਸ਼ਟਰੀਸ਼ੀਟਰ ਵਿਕਾਸ ਦੁਬੇ ਦੇ ਸਾਥੀਆਂ ਅਤੇ ਪੁਲਸ ਵਿਚਾਲੇ ਹੋਏ ਮੁਕਾਬਲੇ 'ਚ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਇਨ੍ਹਾਂ 'ਚ ਅਧਿਕਾਰੀ ਵੀ ਸ਼ਾਮਲ ਹਨ। ਹੁਣ ਇਸ ਐਨਕਾਉਂਟਰ 'ਚ ਮੌਕੇ 'ਤੇ ਮੌਜੂਦ ਰਹੇ ਬਿਠੂਰ ਦੇ ਥਾਣਾ ਇੰਚਾਰਜ ਕੌਸ਼ਲੇਂਦਰ ਪ੍ਰਤਾਪ ਸਿੰਘ ਨੇ ਜੋ ਦੱਸਿਆ ਹੈ ਉਹ ਸੁਣ ਕੇ ਤੁਸੀਂ ਸਮਝ ਜਾਓਗੇ ਕਿ ਕਿਵੇਂ ਬਦਮਾਸ਼ਾਂ ਨੇ ਸੰਨ੍ਹ ਲਗਾ ਕੇ ਪੁਲਸ ਮੁਲਾਜ਼ਮਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਦੱਸ ਦਈਏ ਕਿ ਕੌਸ਼ਲੇਂਦਰ ਪ੍ਰਤਾਪ ਸਿੰਘ ਨੂੰ ਵੀ ਬਦਮਾਸ਼ਾਂ ਦੀ ਦੋ ਗੋਲੀ ਲੱਗੀ ਹੈ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਬਿਠੂਰ ਦੇ ਥਾਣਾ ਇੰਚਾਰਜ ਕੌਸ਼ਲੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਚੌਬੇਪੁਰ ਥਾਣਾ ਇੰਚਾਰਜ ਵਿਨੈ ਤਿਵਾੜੀ ਦੇ ਫੋਨ 'ਤੇ ਉਹ ਰਾਤ ਦੇ ਕਰੀਬ 12 ਵਜੇ ਆਪਣੇ ਥਾਣੇ ਦੀ ਫੋਰਸ ਨੂੰ ਲੈ ਕੇ ਬਿਕਰੂ ਪਿੰਡ ਪੁੱਜੇ ਸਨ। ਉਨ੍ਹਾਂ ਕਿਹਾ ਕਿ ਵਿਨੈ ਤਿਵਾੜੀ ਨੇ ਪੁਲਸ ਮੁਲਾਜ਼ਮਾਂ ਨੂੰ ਵਿਕਾਸ ਦੁਬੇ ਬਾਰੇ ਸਹੀਂ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਬਿਕਰੂ ਪਿੰਡ ਚੌਬੇਪੁਰ ਥਾਣੇ ਦੇ ਤਹਿਤ ਆਉਂਦਾ ਹੈ ਪਰ ਥਾਣਾ ਮੁਖੀ ਵਿਨੈ ਤਿਵਾੜੀ ਨੇ ਇਸ ਆਪਰੇਸ਼ਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਦੇ ਨਾਲ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ।

ਉਨ੍ਹਾਂ ਕਿਹਾ ਕਿ ਵਿਨੈ ਤਿਵਾੜੀ ਨੇ ਨੇੜਲੇ ਥਾਣਿਆਂ ਦੀ ਫੋਰਸ ਨੂੰ ਫੋਨ ਕਰਕੇ ਛਾਪੇਮਰੀ ਲਈ ਬੁਲਾਇਆ ਸੀ ਪਰ ਉਨ੍ਹਾਂ ਨੇ ਨਾ ਤਾਂ ਵਿਕਾਸ ਦੁਬੇ ਬਾਰੇ ਅਤੇ ਨਾ ਹੀ ਪਿੰਡ ਬਾਰੇ ਹੋਰ ਥਾਣੇਦਾਰਾਂ ਅਤੇ ਜਵਾਨਾਂ ਨੂੰ ਕੋਈ ਜਾਣਕਾਰੀ ਦਿੱਤੀ। ਕੌਸ਼ਲੇਂਦਰ ਪ੍ਰਤਾਪ ਸਿੰਘ ਨੇ ਦੋਸ਼ ਲਗਾਇਆ ਕਿ ਵਿਨੈ ਤਿਵਾੜੀ ਨੇ ਪਿੰਡ 'ਚ ਪੁੱਜਣ 'ਤੇ ਟੀਮ ਦੀ ਅਗਵਾਈ ਨਹੀਂ ਕੀਤੀ।

ਐਨਕਾਉਂਟਰ 'ਚ ਜ਼ਖ਼ਮੀ ਕੌਸ਼ਲੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿੰਡ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਪੁਲਸ ਟੀਮ ਵਿਕਾਸ ਦੁਬੇ ਦੇ ਘਰ ਕੋਲ ਸਿੱਧੇ ਫਰੰਟ ਲਾਈਨ 'ਤੇ ਪਹੁੰਚ ਗਈ। ਹਾਲਾਂਕਿ ਵਿਕਾਸ ਦੁਬੇ ਨੂੰ ਪਹਿਲਾਂ ਤੋਂ ਹੀ ਇਸ ਦੀ ਸੂਚਨਾ ਮਿਲ ਗਈ ਸੀ ਇਸ ਲਈ ਪੁਲਸ ਟੀਮ ਦੇ ਉੱਥੇ ਪੁੱਜਦੇ ਹੀ ਦੋਵਾਂ ਪਾਸਿਓ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ।

ਐਨਕਾਉਂਟਰ ਦੌਰਾਨ ਹੀ ਕੌਸ਼ਲੇਂਦਰ ਪ੍ਰਤਾਪ ਸਿੰਘ ਨੂੰ ਦੋ ਗੋਲੀਆਂ ਲੱਗੀਆਂ ਫਿਰ ਵੀ ਉਨ੍ਹਾਂ ਨੇ ਆਪਣੇ ਇੱਕ ਸਾਥੀ ਦੀ ਜਾਨ ਬਚਾਈ। ਜ਼ਖ਼ਮੀ ਹੋਣ ਦੇ ਬਾਅਦ ਵੀ ਉਨ੍ਹਾਂ ਨੇ ਬਹਾਦਰੀ ਦਿਖਾਈ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜ਼ਮੀਨ 'ਤੇ ਜ਼ਖ਼ਮੀ ਪਏ ਸਿਪਾਹੀ ਅਜੈ ਸਿੰਘ ਨੂੰ ਟਰੈਕਟਰ ਟ੍ਰਾਲੀ ਦੇ ਪਿੱਛੇ ਲੁਕ ਕੇ ਉੱਥੋਂ ਸੁਰੱਖਿਅਤ ਕੱਢਿਆ।

ਸਿੰਘ ਨੇ ਦੱਸਿਆ ਕਿ ਆਪਣੇ ਆਪ ਦੀ ਜਾਨ ਬਚਾਉਣ ਦੀ ਖੁਸ਼ੀ ਤੋਂ ਜ਼ਿਆਦਾ ਉਨ੍ਹਾਂ ਨੂੰ ਆਪਣੇ ਅੱਠ ਸਾਥੀਆਂ ਨੂੰ ਗੁਆਉਣ ਦਾ ਦੁੱਖ ਹੋ ਰਿਹਾ ਹੈ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਚੌਕੀ ਇੰਚਾਰਜ ਅਨੂਪ ਅਤੇ ਸਿਪਾਹੀ ਰਾਹੁਲ ਮੁਲਜ਼ਮਾਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਗਏ।

ਹਮਲੇ ਨੂੰ ਲੈ ਕੇ ਕੌਸ਼ਲੇਂਦਰ ਸਿੰਘ ਨੇ ਦੱਸਿਆ ਕਿ ਜਦੋਂ ਹਨ੍ਹੇਰੇ 'ਚ ਸਾਡੇ ਤੇ ਗੋਲੀਬਾਰੀ ਸ਼ੁਰੂ ਹੋਈ ਤਾਂ ਸਾਨੂੰ ਸਮਝ ਹੀ ਨਹੀਂ ਆਇਆ ਕਿ ਗੋਲੀ ਕਿੱਥੋ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਪਿਸਟਲ ਨਾਲ ਜਵਾਬੀ ਕਾਰਵਾਈ ਸ਼ੁਰੂ ਕੀਤੀ ਪਰ ਬਦਮਾਸ਼ਾਂ ਦੇ ਛੱਤ 'ਤੇ ਹੋਣ ਕਾਰਣ ਗੋਲੀਆਂ ਉੱਥੇ ਤੱਕ ਨਹੀਂ ਪਹੁੰਚ ਰਹੀ ਸਨ।

ਜ਼ਖ਼ਮੀ ਕੌਸ਼ਲੇਂਦਰ ਸਿੰਘ ਨੇ ਦੱਸਿਆ ਕਿ ਜਿੰਨੇ ਵੀ ਲੋਕ ਇਸ ਐਨਕਾਉਂਟਰ 'ਚ ਸ਼ਹੀਦ ਹੋਏ ਉਹ ਵੀ ਸਿੱਧੇ ਤੌਰ 'ਤੇ ਬਦਮਾਸ਼ਾਂ ਦੇ ਸਾਹਮਣੇ ਨਹੀਂ ਸਨ ਪਰ ਬਦਕਿਸਮਤੀ ਨਾਲ ਜਿਵੇਂ ਹੀ ਗੋਲੀਬਾਰੀ ਸ਼ੁਰੂ ਹੋਈ ਪੁਲਸ ਦੀ ਟੀਮ ਹਨ੍ਹੇਰੇ 'ਚ ਉਸ ਜਗ੍ਹਾ ਪਹੁੰਚ ਗਈ ਜਿੱਥੇ ਛੱਤ ਤੋਂ ਬਦਮਾਸ਼ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਸਨ।