ਮੋਗਾ, (ਆਜ਼ਾਦ)- ਮਹਾਰਾਜਾ ਰਣਜੀਤ ਸਿੰਘ ਨਗਰ ਮੋਗਾ ਨਿਵਾਸੀ ਪਰਮਿੰਦਰ ਸਿੰਘ (29) ਦੀ ਗਰਦਨ ਕੱਟ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਜਸਵੰਤ ਸਿੰਘ ਸਰਾਂ, ਸਹਾਇਕ ਥਾਣੇਦਾਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਕਿ ਹੱਤਿਆ ਦੇ ਮਾਮਲੇ ਦਾ ਸੁਰਾਗ ਮਿਲ ਸਕੇ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਜੋ ਇਕ ਬੱਚੇ ਦੇ ਪਿਤਾ ਸੀ ਅਤੇ ਆਪਣੇ ਮਾਮੇ ਨਾਲ ਫਾਇਨੈਂਸ ਅਤੇ ਏਅਰ ਟਿਕਟ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਪਿਛਲੇ 10-12 ਦਿਨ ਤੋਂ ਆਪਣੇ ਪਿੰਡ ਪੇਕੇ ਜੈਮਲਵਾਲਾ ਗਈ ਹੋਈ ਸੀ ਅਤੇ ਉਹ ਆਪਣੇ ਪਿਤਾ ਨਾਲ ਪਿੰਡ ਘੁਗੀਆਣਾ ਫਰੀਦਕੋਟ ਝੋਨਾ ਲਾਉਣ ਚਲਾ ਗਿਆ ਅਤੇ 3 ਜੂਨ ਦੀ ਰਾਤ ਨੂੰ ਘਰ ਵਾਪਸ ਆਇਆ। ਜਦੋਂ ਸਵੇਰੇ ਉਸਨੇ ਦਰਵਾਜਾ ਨਾ ਖੋਲਿਆਂ ਤਾਂ ਆਂਢ-ਗੁਆਂਢ ਦੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਉਸਦੇ ਮਾਮਾ ਅਮਰਜੀਤ ਸਿੰਘ ਨੂੰ ਬੁਲਾਇਆ, ਜਿਨ੍ਹਾਂ ਦਰਵਾਜਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਪਰਮਿੰਦਰ ਸਿੰਘ ਮ੍ਰਿਤਕ ਹਾਲਤ ਵਿਚ ਪਿਆ ਸੀ ਅਤੇ ਉਸਦੀ ਗਰਦਨ ਤੇਜ ਕਰਦ ਨਾਲ ਕੱਟੀ ਹੋਈ ਸੀ।

ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦਲਜੀਤ ਸਿੰਘ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਉਸਦੇ ਪਿਤਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਕਤ ਘਟਨਾ ਕਿਵੇਂ ਵਾਪਰੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।