ਹੁਸ਼ਿਆਰਪੁਰ : 'ਮਿਸ਼ਨ ਫਤਿਹ' ਤਹਿਤ ਜ਼ਿਲਾ ਪ੍ਰਸ਼ਾਸ਼ਨ ਵਲੋਂ ਜ਼ਿਲੇ ਵਿੱਚ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਦੀ ਸਪਲਾਈ ਯਕੀਨੀ ਬਣਾਈ ਗਈ ਹੈ। ਪ੍ਰਸ਼ਾਸ਼ਨ ਵਲੋਂ ਲਗਾਤਾਰ ਇਸ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਜ਼ਰੂਰਤਮੰਦ ਲਾਭਪਾਤਰੀ ਸਰਕਾਰੀ ਯੋਜਨਾ ਤੋਂ ਵਾਂਝਾ ਨਾ ਰਹਿ ਸਕੇ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲਾ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵਲੋਂ ਇਸ ਸਬੰਧੀ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਤਨਦੇਹੀ ਤੇ ਲਗਨ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਵਿਭਾਗ ਵਲੋਂ ਸਾਵਧਾਨੀਆਂ ਅਪਨਾਉਂਦੇ ਹੋਏ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਜ਼ਿਲੇ ਵਿੱਚ 109795 ਕੁਇੰਟਲ ਆਟਾ, 5775 ਕੁਇੰਟਲ ਦਾਲ ਯੋਗ ਲਾਭਪਾਤਰੀਆਂ ਤੱਕ ਪਹੁੰਚਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜ਼ਰੂਰਤਮੰਦਾਂ ਤੱਕ 61000 ਮੁਫ਼ਤ ਰਾਸ਼ਟ ਕਿੱਟਾਂ ਅਤੇ ਆਤਮ ਨਿਰਭਰ ਯੋਜਨਾ ਤਹਿਤ 20 ਹਜ਼ਾਰ ਪੈਕੇਟ ਰਾਸ਼ਨ (ਪ੍ਰਤੀ ਪੈਕੇਟ 10 ਕਿਲੋ ਆਟਾ, 1 ਕਿਲੋ ਚੀਨੀ ਅਤੇ ਦਾਲ) ਵੀ ਵੰਡੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਇਹ ਤਨਦੇਹੀ ਭਰਪੂਰ ਸੇਵਾ ਲਈ ਪੂਰੀ ਟੀਮ ਪ੍ਰਸ਼ੰਸਾ ਦੀ ਪਾਤਰ ਹੈ।
ਅਪਨੀਤ ਰਿਆਤ ਨੇ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਹੁਣ ਜਾਰੀ ਹੈ। ਉਨਾਂ ਕਿਹਾ ਕਿ ਹਰ ਵਿਅਕਤੀ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਦਾ ਪ੍ਰਯੋਗ ਕਰਨ ਅਤੇ 20 ਸੈਕਿੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਅਪਨਾਉਣ ਨੂੰ ਯਕੀਨੀ ਬਣਾਉਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਜਾਗਰੂਕਤਾ ਅਭਿਆਨ 'ਮਿਸ਼ਨ ਫਤਿਹ' ਤਹਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।