ਬਟਾਲਾ, (ਬੇਰੀ)- ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲ ਹੋਸਟਲ ਸੇਖਵਾਂ ’ਚ ਬਣਾਏ ਇਕਾਂਤਵਾਸ ਸੈਂਟਰ ’ਚ ਵਿਦੇਸ਼ ਤੋਂ ਪਰਤੇ ਇਕਾਂਤਵਾਸ ਕੀਤੇ 9 ਲੋਕਾਂ ਦੀ ਸੈਂਪਲਿੰਗ ਕੀਤੀ ਅਤੇ 12 ਲੋਕਾਂ ਨੂੰ ਘਰ ਵਾਪਸ ਭੇਜਿਆ ਅਤੇ 6 ਨਵੇਂ ਆਏ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਕੀਤੀ ਗਈ। ਇਸ ਸਬੰਧੀ ਸਹਾਇਕ ਮਲੇਰੀਆ ਅਫਸਰ ਰਛਪਾਲ ਸਿੰਘ ਨੇ ਦੱਸਿਆ ਕਿ ਐੱਸ. ਐੱਮ ਓ. ਕਾਹਨੂੰਵਾਨ ਇਕਬਾਲ ਸਿੰਘ ਦੀ ਅਗਵਾਈ ’ਚ ਸਿਹਤ ਵਿਭਾਗ ਦੀ ਟੀਮ ਵੱਲੋਂ ਇਕਾਂਤਵਾਸ ਕੀਤੇ 9 ਲੋਕਾਂ ਦੀ ਅੱਜ ਪੰਜਵੇਂ ਦਿਨ ਕੋਰੋਨਾ ਟੈਸਟ ਸੈਂਪਲਿੰਗ ਕੀਤੀ ਅਤੇ ਬੁੱਧਵਾਰ ਤੇ ਵੀਰਵਾਰ ਨੂੰ ਕੀਤੀ ਗਈ 12 ਲੋਕਾਂ ਦੀ ਸੈਂਪਲਿੰਗ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਘਰ ’ਚ ਇਕਾਂਤਵਾਸ ਕੀਤਾ ਅਤੇ ਕੋਰੋਨਾ ਨੈਗੇਟਿਵ ਰਿਪੋਰਟ ਦਾ ਪ੍ਰਮਾਣ ਪੱਤਰ ਦੇ ਕੇ ਘਰ ਵਾਪਸ ਭੇਜ ਦਿੱਤਾ ਪਰ ਉਨ੍ਹਾਂ ਨੂੰ ਘਰਾਂ ’ਚ 7 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ।

ਉੱਧਰ ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਮਸਕਟ ਤੋਂ ਵਾਪਸ ਪਰਤੇ ਲੋਕਾਂ ਨੂੰ ਸੇਖਵਾਂ ਸੈਂਟਰ ’ਚ ਸਕਰੀਨਿੰਗ ਕਰ ਕੇ ਉਨ੍ਹਾਂ ਨੂੰ ਉੱਥੇ ਇਕਾਂਤਵਾਸ ਕੀਤਾ ਗਿਆ। ਕੁੱਲ ਮਿਲਾ ਕੇ ਹੁਣ ਵਿਦੇਸ਼ੀ ਯਾਤਰੀਆਂ ਦੀ ਸੰਖਿਆ 32 ਹੋ ਗਈ ਹੈ। ਇਸ ਮੌਕੇ ਆਰ. ਐੱਮ. ਓ. ਸੇਖਵਾਂ ਡਾ. ਦਵਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਜੋਗਾ ਸਿੰਘ, ਭੁਪਿੰਦਰ ਸਿੰਘ, ਸਤਿੰਦਰਜੀਤ ਸਿੰਘ, ਪ੍ਰਤਾਪ ਸਿੰਘ ਏ. ਐੱਮ. ਓ., ਮਾ. ਨਿਸਾਨ ਸਿੰਘ ਚਾਹਲ ਆਦਿ ਹਾਜ਼ਰ ਸਨ।