ਜ਼ੀਰਕਪੁਰ,(ਮੇਸ਼ੀ): ਜ਼ੀਰਕਪੁਰ ਦੇ ਲੌਹਗੜ ਰੋਡ 'ਤੇ ਗੋਲੀ ਚੱਲਣ ਨਾਲ ਇਕ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹੁਣ 9 ਵਜੇ ਜ਼ੀਰਕਪੁਰ 'ਚ ਲੌਹਗੜ ਦੇ ਪਾਰਕ ਵਿਖੇ 5 ਕੁੜੀਆਂ ਅਤੇ ਇਕ ਨੌਜਵਾਨ ਸੈਰ ਕਰ ਰਹੇ ਸਨ। ਜਿਸ ਦੌਰਾਨ ਉੱਥੋਂ ਦੀ ਲੰਘ ਰਹੇ ਇਕ ਨੌਜਵਾਨ ਵਲੋਂ ਛੇੜਛਾੜ ਕਰਨ ਦੀ ਗੱਲ ਸਾਹਮਣੇ ਆਈ ਤਾਂ ਕੁੜੀਆਂ ਨਾਲ ਘੁੰਮ ਰਹੇ ਮੁੰਡੇ ਨੇ ਉਕਤ ਨੌਜਵਾਨ ਨਾਲ ਗਾਲੀ-ਗਲੋਚ ਕੀਤੀ। ਜਿਸ ਦੌਰਾਨ ਵਿਰੋਧੀ ਨੌਜਵਾਨ ਨੇ ਆਪਣੇ ਚਾਰ ਹੋਰ ਸਾਥੀਆਂ ਨੂੰ ਉੱਥੇ ਸੱਦ ਲਿਆ, ਜਿਨ੍ਹਾਂ ਨੇ ਝਗੜੇ ਦੌਰਾਨ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਉਥੋਂ ਲੰਘ ਰਹੇ ਇਕ ਵਿਅਕਤੀ ਦੇ ਪੈਰ 'ਚ ਗੋਲੀ ਲੱਗਣ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਢਕੋਲੀ ਦੇ ਹਸਪਤਾਲ ਵਿਖੇ ਭੇਜਿਆ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਵਿਅਕਤੀ ਦੀ ਹਾਲਤ ਨੂੰ ਦੇਖਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਫਰਾਰ ਨੌਜਵਾਨਾਂ ਖਿਲਾਫ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਜ਼ੀਰਕਪੁਰ ਪੁਲਸ ਨੇ ਤਿੰਨ ਕੁੜੀਆਂ ਤੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ।