ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਪਾਕਿ ਦੀ ਰਾਜਧਾਨੀ ਇਸਲਾਮਾਬਾਦ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ 10 ਕਰੋਡ਼ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼੍ਰੀ ਕ੍ਰਿਸ਼ਣ ਮੰਦਰ ਦਾ ਨਿਰਮਾਣ ਕਾਰਜ 'ਚ ਰੁਕਾਵਟ ਪੈਂਦੀ ਨਜ਼ਰ ਆ ਰਹੀ ਹੈ। ਇਸ ਦੇ ਚੱਲਦੇ ਅੱਜ ਮੰਦਰ ਦੀ ਭੂਮੀ ਦੇ ਚਾਰਾਂ ਪਾਸੇ ਜੋ ਕੰਧ ਬਣਾਈ ਜਾ ਰਹੀ ਸੀ, ਦਾ ਕੰਮ ਕੈਪਿਟਲ ਵਿਕਾਸ ਅਥਾਰਟੀ ਨੇ ਇਹ ਕਹਿ ਕੇ ਰੁਕਵਾ ਦਿੱਤਾ ਕਿ ਨਿਰਮਾਣ ਕਾਰਜ ਦਾ ਕੁੱਝ ਮੁਸਲਮਾਨ ਸੰਗਠਨ ਵਿਰੋਧ ਕਰ ਰਹੇ ਹਨ। ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲਾ ਨੇ ਵੀ ਇਸ ਸਬੰਧ 'ਚ ਕਿਹਾ ਹੈ ਕਿ ਜੋ ਰਾਸ਼ੀ ਪ੍ਰਧਾਨ ਮੰਤਰੀ ਨੇ ਦੇਣ ਦਾ ਵਾਅਦਾ ਕੀਤਾ ਹੈ ਉਸ ਨਾਲ ਮੰਦਰ ਦੇ ਮੁਰੰਮਤ ਦਾ ਕੰਮ ਹੋ ਸਕਦਾ ਹੈ ਨਾ ਕਿ ਨਵੇਂ ਮੰਦਰ ਦਾ ਨਿਰਮਾਣ। ਇਸ ਦੇ ਲਈ ਵੀ ਸਬੰਧਤ ਮਹਿਕਮੇ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਹਿੰਦੂ ਪੰਚਾਇਤ ਇਸਲਾਮਾਬਾਦ ਨੇ ਚੱਲ ਰਹੇ ਨਿਰਮਾਣ ਕਾਰਜ ਨੂੰ ਬੰਦ ਕਰਵਾ ਕੇ ਐਲਾਨ ਕੀਤਾ ਹੈ ਕਿ ਅਸੀਂ ਸੋਮਵਾਰ ਨੂੰ ਸੈਂਟਰਲ ਡਿਵੈਲਪਮੈਂਟ ਅਥਾਰਟੀ ਤੋਂ ਨਿਰਮਾਣ ਦੀ ਸਹੀ ਮਨਜ਼ੂਰੀ ਲਈ ਬੇਨਤੀ ਪੱਤਰ ਜਮਾਂ ਕਰਾਵਾਂਗੇ।

ਲਾਲ ਚੰਦ ਮੱਲੀ ਮੁਤਾਬਕ ਸਾਡੇ ਵੱਲੋਂ ਕਰਵਾਏ ਜਾ ਰਹੇ ਨਿਰਮਾਣ ਕਾਰਜ ਨੂੰ ਬੰਦ ਇਸ ਲਈ ਕਰਵਾਇਆ ਗਿਆ ਹੈ ਕਿ ਸਾਡੇ ਮੰਦਰ ਦੀ ਜ਼ਮੀਨ 'ਤੇ ਕੁੱਝ ਮੁਸਲਮਾਨ ਨੌਜਵਾਨਾਂ ਨੇ ਟੈਂਟ ਲਗਾ ਰੱਖੇ ਹਨ, ਜੋ ਕਾਲਜ 'ਚ ਪੜ੍ਹਦੇ ਹਨ ਪਰ ਉਨ੍ਹਾਂ ਨੂੰ ਹੋਸਟਲ ਨਹੀਂ ਮਿਲਿਆ ਹੈ। ਅਸੀਂ ਉਨ੍ਹਾਂ ਟੈਂਟਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ ਅਤੇ ਕੁੱਝ ਮੁਸਲਮਾਨ ਸੰਗਠਨਾਂ, ਜੋ ਇਸਲਾਮਾਬਾਦ ਦੀ ਲਾਲ ਮਸਜਿਦ ਨਾਲ ਸਬੰਧਤ ਹਨ, ਨੇ ਟੈਂਟ ਹਟਾਉਣ ਦਾ ਵਿਰੋਧ ਕੀਤਾ ਹੈ। ਇਨ੍ਹਾਂ ਸੰਗਠਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਦਰ ਦਾ ਸਾਈਟ ਪਲਾਨ ਪਾਸ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਨਹੀਂ ਹੋਣ ਦਿੱਤਾ ਜਾਵੇਗਾ।