Thursday, January 28, 2021
ਪਟਿਆਲਾ,(ਪਰਮੀਤ)- ਪਟਿਆਲਾ 'ਚ ਇਕ 67 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਜ਼ਿਲੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ, ਜਦਕਿ ਅੱਜ 6 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆ ਗਏ ਹਨ, ਜਿਸ ਮਗਰੋਂ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 356 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਤੋਪਖਾਨਾ ਮੋੜ ਏਰੀਏ ਦਾ ਰਹਿਣ ਵਾਲਾ 67 ਸਾਲਾ ਬਜ਼ੁਰਗ, ਜੋ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਦੀ ਬੀਤੀ ਰਾਤ ਮੌਤ ਹੋ ਗਈ। ਉਹ ਬੁਖਾਰ, ਛਾਤੀ ਵਿਚ ਦਰਦ ਅਤੇ ਪੇਟ ਦੀ ਤਕਲੀਫ ਕਾਰਣ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਨਾਭਾ ਗੇਟ ਏਰੀਆ ਦੀਆਂ ਰਹਿਣ ਵਾਲੀਆਂ ਮਾਵਾਂ-ਧੀਆਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਇਸੇ ਤਰ੍ਹਾਂ ਅਰਬਨ ਅਸਟੇਟ ਫੇਸ-2 ਦਾ ਰਹਿਣ ਵਾਲਾ 33 ਸਾਲਾ ਨੌਜਵਾਨ ਅਤੇ ਆਨੰਦ ਨਗਰ ਏ ਐਕਸਟੈਂਸ਼ਨ ਦੀ ਰਹਿਣ ਵਾਲੀ 25 ਸਾਲਾ ਔਰਤ ਪਾਜ਼ੇਟਿਵ ਆਏ ਹਨ। ਇਨ੍ਹਾਂ ਤੋਂ ਇਲਾਵਾ ਨਾਭਾ ਮਲੇਰੀਅਨ ਸਟਰੀਟ ਨੇੜੇ ਪੰਚਮੁਖੀ ਮੰਦਰ ਇਲਾਕੇ ਵਿਚ ਰਹਿਣ ਵਾਲੇ 45 ਸਾਲਾ ਵਿਅਕਤੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 356 ਹੋ ਗਈ ਹੈ, 10 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, 185 ਠੀਕ ਹੋ ਚੁੱਕੇ ਹਨ ਅਤੇ 161 ਕੇਸ ਐਕਟਿਵ ਹਨ।