ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ਨੀਵਾਰ ਨੂੰ ਦੋ ਟ੍ਰੇਨਾਂ ਦੀ ਟੱਕਰ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਡਾਨ ਅਖਬਾਰ ਮੁਤਾਬਕ ਖਾਨਪੁਰ ਇਲਾਕੇ ਵਿਚ ਝੀਟਾ ਭੱਟਾ ਰੇਲਵੇ ਸਟੇਸ਼ਨ ਦੇ ਕੋਲ 4:10 ਵਜੇ ਸ਼ਾਲੀਮਾਰ ਐਕਸਪ੍ਰੈੱਸ ਇਕ ਮਾਲਗੱਡੀ ਨਾਲ ਟਕਰਾ ਗਈ। ਸ਼ਾਲੀਮਾਰ ਐਕਸਪ੍ਰੈੱਸ ਕਰਾਚੀ ਤੋਂ ਲਾਹੌਰ ਜਾ ਰਹੀ ਸੀ।

ਪਾਕਿਸਤਾਨ ਰੇਲਵੇ ਦੇ ਇਕ ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਟੱਕਰ ਵਿਚ ਟ੍ਰੇਨ ਦੇ ਡਰਾਈਵਰ ਤੇ ਸਹਾਇਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਸਾਰੇ ਯਾਤਰੀ ਸੁਰੱਖਿਅਤ ਹਨ। ਉਨ੍ਹਾਂ ਨੇ ਦੱਸਿਆ ਕਿ ਮਾਲਗੱਡੀ ਦੇ 2 ਡੱਬਿਆਂ ਨੂੰ ਨੁਕਸਾਨ ਪਹੁੰਚਿਆ ਜਦਕਿ ਸ਼ਾਲੀਮਾਰ ਐਕਸਪ੍ਰੈੱਸ ਦੇ ਇੰਜਣ ਦੀ ਅੱਗੇ ਦੀ ਟ੍ਰਾਲੀ ਪਟੜੀ ਤੋਂ ਉਤਰ ਗਈ। ਇਕ ਦਿਨ ਪਹਿਲਾਂ ਹੀ ਪੰਜਾਬ ਸੂਬੇ ਦੇ ਸ਼ੇਖੁਪੁਰਾ ਵਿਚ ਇਕ ਯਾਤਰੀ ਟ੍ਰੇਨ ਨਾਲ ਇਕ ਵਾਹਨ ਟਕਰਾ ਗਿਆ ਸੀ। ਵਾਹਨ ਵਿਚ ਸਵਾਰ 21 ਸਿੱਖ ਸ਼ਰਧਾਲੂਆਂ ਸਣੇ 22 ਲੋਕਾਂ ਦੀ ਮੌਤ ਹੋ ਗਈ। ਇਹ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਪਰਤ ਰਹੇ ਸਨ।