ਦੁਬਈ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ 53 ਸਾਲਾ ਇਕ ਭਾਰਤੀ ਕਾਮਾ ਇਕ ਵਿਸ਼ੇਸ਼ ਜਹਾਜ਼ ਵਿਚ ਸਵਾਰ ਨਾ ਹੋ ਸਕਿਆ ਕਿਉਂਕਿ ਉਹ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁੱਤਾ ਰਹਿ ਗਿਆ। ਇਹ ਜਾਣਕਾਰੀ ਇਕ ਖਬਰ ਵਿਚ ਦਿੱਤੀ ਗਈ ਹੈ। ਗਲਫ ਨਿਊਜ਼ ਨੇ ਖਬਰ ਦਿੱਤੀ ਹੈ ਕਿ ਅਬੂਧਾਬੀ ਵਿਚ ਸਟੋਰਕੀਪਰ ਦਾ ਕੰਮ ਕਰਨ ਵਾਲਾ ਪੀ. ਸ਼ਾਹਜਹਾਂ ਇਮੀਰੇਟਸ ਜੰਬੋ ਜੈੱਟ ਤੋਂ ਤਿਰੂਵਨੰਤਪੁਰਮ ਪਰਤਣ ਵਾਲਾ ਸੀ। ਇਸ ਚਾਰਟਡ ਜਹਾਜ਼ ਦੀ ਵਿਵਸਥਾ ਸਿਰਫ ਮੁਸਲਿਮ ਸਭਿਆਚਾਰਕ ਕੇਂਦਰ (ਕੇ. ਐਮ. ਸੀ. ਸੀ.) ਦੁਬਈ ਨੇ ਕੀਤੀ ਸੀ। ਘਰ ਵਾਪਸੀ ਲਈ ਪਹਿਲੀ ਵਾਰ ਜੰਬੋ ਜੈੱਟ ਨੂੰ ਕਿਰਾਏ 'ਤੇ ਲਿਆ ਗਿਆ ਸੀ।

ਟਿਕਟ ਦੇ ਲਈ 1100 ਦਿਰਹਮ (300 ਡਾਲਰ) ਦਾ ਭੁਗਤਾਨ ਕਰਨ ਵਾਲੇ ਸ਼ਾਹਜਹਾਂ ਨੇ ਆਖਿਆ ਕਿ ਪਿਛਲੀ ਰਾਤ ਉਹ ਸੋ  ਨਹੀਂ ਸਕਿਆ ਸੀ ਕਿਉਂਕਿ ਉਹ ਜੰਬੋ ਜੈੱਟ ਵਿਚ ਆਪਣੀ ਟਿਕਟ ਕੰਫਰਮ ਹੋਣ ਦੀ ਉਡੀਕ ਵਿਚ ਸੀ। ਇਹ ਜੰਬੋ ਜੈੱਟ 427 ਭਾਰਤੀਆਂ ਨੂੰ ਲੈ ਕੇ ਕੇਰਲ ਲਈ ਰਵਾਨਾ ਹੋਇਆ। ਖਬਰ ਵਿਚ ਦੱਸਿਆ ਗਿਆ ਹੈ ਕਿ ਉਹ ਸਵੇਰੇ ਹਵਾਈ ਅੱਡੇ ਪਹੁੰਚਿਆ ਅਤੇ ਚੈੱਕ ਇਨ ਅਤੇ ਜਾਂਚ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2 ਵਜੇ ਟਰਮੀਨਲ 3 ਵਿਚ ਇੰਤਜ਼ਾਰ ਕਰਨ ਵਾਲੇ ਖੇਤਰ ਵਿਚ ਪਹੁੰਚਿਆ। ਉਸ ਨੇ ਦੱਸਿਆ ਕਿ ਮੈਂ ਦੂਜਿਆਂ ਤੋਂ ਅਲੱਗ ਹੱਟ ਕੇ ਬੈਠਿਆ ਪਰ ਸ਼ਾਮ ਸਾਢੇ 4 ਵਜੇ ਤੋਂ ਬਾਅਦ ਮੈਂ ਸੋ ਗਿਆ।

50 ਦਿਨਾਂ ਤੱਕ ਫਸਿਆ ਰਿਹਾ
ਚਾਰਟਡ ਜਹਾਜ਼ ਲਈ ਤਾਲਮੇਲ ਕਰ ਰਹੇ ਐਸ. ਨਿਜ਼ਾਮੁਦੀਨ ਕੋਲੱਮ ਨੇ ਆਖਿਆ ਕਿ ਏਅਰਲਾਈਨ ਦੇ ਅਧਿਕਾਰੀ ਜਹਾਜ਼ ਦੇ ਉਡਾਣ ਭਰਨ ਵੇਲੇ ਸ਼ਾਹਜਹਾਂ ਦਾ ਪਤਾ ਨਾ ਲਾ ਸਕੇ। ਇਸ ਟਰਮੀਨਲ 'ਤੇ ਮਾਰਚ ਵਿਚ ਇਕ ਹੋਰ ਭਾਰਤੀ ਨਾਗਰਿਕ ਸੋ ਗਿਆ ਸੀ ਅਤੇ ਕੋਵਿਡ-19 ਮਹਾਮਾਰੀ ਕਾਰਨ ਜਹਾਜ਼ਾਂ ਦਾ ਪਰਿਚਾਲਨ ਬੰਦ ਹੋਣ ਤੋਂ ਪਹਿਲਾਂ ਆਖਰੀ ਜਹਾਜ਼ ਵਿਚ ਸਵਾਰ ਨਾ ਹੋ ਪਾਇਆ ਸੀ। ਉਹ ਵਾਪਸ ਭੇਜੇ ਜਾਣ ਤੋਂ ਪਹਿਲਾਂ 50 ਦਿਨਾਂ ਤੱਕ ਇਥੇ ਫਸਿਆ ਰਿਹਾ।