ਕੋਲਕਾਤਾ - ਤ੍ਰਿਣਮੂਲ ਕਾਂਗਰਸ ਦੇ ਇਕ ਕੌਂਸਲਰ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਉਨ੍ਹਾਂ ਦੇ ਘਰ ਦੇ ਕੋਲ ਸ਼ਨੀਵਾਰ ਨੂੰ ਗੋਲੀ ਮਾਰ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉੱਤਰੀ ਬੈਰਕਪੁਰ ਨਗਰ ਨਿਗਮ ਦੇ ਵਾਰਡ ਨੰਬਰ ਦੋ ਦੀ ਕੌਂਸਲਰ ਚੰਪਾ ਦਾਸ ਨੂੰ ਪੈਰ 'ਚ ਗੋਲੀ ਮਾਰੀ ਗਈ। ਪੁਲਸ ਨੇ ਦੱਸਿਆ ਕਿ ਘਟਨਾ ਸ਼ਾਮ ਦੇ ਸਮੇਂ ਇਚਾਪੋਰ ਇਲਾਕੇ 'ਚ ਵਾਪਰੀ ਅਤੇ ਇਸ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ।

ਦਾਸ ਨੂੰ ਪਹਿਲਾਂ ਬੈਰਕਪੁਰ 'ਚ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ 'ਚ ਬਿਹਤਰ ਇਲਾਜ ਲਈ ਕੋਲਕਾਤਾ ਭੇਜਿਆ ਗਿਆ। ਪੁਲਸ ਨੇ ਦੱਸਿਆ ਦੀ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦਾਸ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਜਿੱਤੀ ਸੀ ਪਰ 2019 'ਚ ਉਹ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਈ ਸੀ।  ਪਾਰਟੀ ਨੇ ਦੋਸ਼ ਲਗਾਇਆ ਕਿ ਘਟਨਾ ਪਿੱਛੇ ਵਿਰੋਧੀ ਧਿਰ ਦਾ ਹੱਥ ਹੈ। ਤ੍ਰਿਣਮੂਲ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਸੀਨੀਅਰ ਮੰਤਰੀ ਜਯੋਤੀਪ੍ਰਿਓ ਮਲਿਕ ਨੇ ਕਿਹਾ, ‘‘ਉਹ ਆਪਣੇ ਖੇਤਰ 'ਚ ਕਾਫੀ ਪ੍ਰਸਿੱਧ ਹੈ। ਘਟਨਾ ਪਿੱਛੇ ਜਿਨ੍ਹਾਂ ਦਾ ਹੱਥ ਹੈ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਪਿਛਲੇ ਇੱਕ ਸਾਲ ਤੋਂ ਵਿਰੋਧੀ ਧਿਰ ਖੇਤਰ 'ਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।‘‘