ਮੱਧ ਪ੍ਰਦੇਸ਼ ’ਚ 15 ਸਾਲ ਬਾਅਦ ਕਾਂਗਰਸ 2018 ’ਚ ਮੁੜ-ਸੱਤਾਧਾਰੀ ਹੋਈ ਅਤੇ ਕਮਲਨਾਥ ਮੁੱਖ ਮੰਤਰੀ ਬਣੇ ਪਰ ਕਾਂਗਰਸ ਦੀ ਸਫਲਤਾ ’ਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਜਯੋਤਿਰਾਦਿਤਿਆ ਸਿੰਧੀਆ ਨੇ ਕਮਲਨਾਥ ਨਾਲ ਨਾਰਾਜ਼ਗੀ ਕਾਰਣ 10 ਮਾਰਚ, 2020 ਨੂੰ ਕਾਂਗਰਸ ’ਚੋਂ ਅਸਤੀਫਾ ਦੇ ਕੇ 11 ਮਾਰਚ ਨੂੰ ਭਾਜਪਾ ਦਾ ਪੱਲਾ ਫੜ ਲਿਆ ਅਤੇ ਜਯੋਤਿਰਾਦਿਤਿਆ ਦੇ ਸਮਰਥਕ ਲੱਗਭਗ 22 ਵਿਧਾਇਕਾਂ ਨੇ ਵੀ ਅਸਤੀਫਾ ਦੇ ਦਿੱਤਾ। ਇਸ ਦੇ ਨਤੀਜੇ ਵਜੋਂ ਕਮਲਨਾਥ ਸਰਕਾਰ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਅਤੇ ਅਖੀਰ 20 ਮਾਰਚ ਨੂੰ ਕਮਲਨਾਥ ਵਲੋਂ ਅਸਤੀਫਾ ਦੇਣ ਤੋਂ ਬਾਅਦ ਇਕ ਵਾਰ ਫਿਰ 23 ਮਾਰਚ, 2020 ਨੂੰ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ’ਚ ਭਾਜਪਾ ਸੂਬੇ ’ਚ ਸੱਤਾਧਾਰੀ ਹੋ ਗਈ।

ਇਸ ਤੋਂ ਕੁਝ ਸਮੇਂ ਬਾਅਦ ਤੋਂ ਹੀ ਜਯੋਤਿਰਾਦਿਤਿਆ ਸਰਕਾਰ ’ਚ ਆਪਣੇ ਲੋਕਾਂ ਨੂੰ ਢੁੱਕਵੀਂ ਪ੍ਰਤੀਨਿਧਤਾ ਦੇਣ ਦੀ ਮੰਗ ਕਰ ਰਹੇ ਸਨ, ਜਿਸ ’ਤੇ ਅਖੀਰ ਸ਼ਿਵਰਾਜ ਸਿੰਘ ਚੌਹਾਨ ਨੇ 2 ਜੁਲਾਈ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰ ਕੇ 20 ਨਵੇਂ ਕੈਬਨਿਟ ਅਤੇ 8 ਰਾਜ ਮੰਤਰੀ ਵੀ ਬਣਾ ਦਿੱਤੇ। ਇਨ੍ਹਾਂ ’ਚ ਜਯੋਤਿਰਾਦਿਤਿਆ ਸਿੰਧੀਆ ਦੇ 12 ਸਮਰਥਕ ਉਹ ਵੀ ਸ਼ਾਮਲ ਹਨ, ਜਿਨ੍ਹਾਂ ਦੇ ਮਾਰਚ ’ਚ ਕਾਂਗਰਸ ਛੱਡਣ ਤੋਂ ਬਾਅਦ ਕਮਲਨਾਥ ਸਰਕਾਰ ਡਿੱਗ ਗਈ ਸੀ।

‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਰਜ਼’ ਦੇ ਅਨੁਸਾਰ ਮੱਧ ਪ੍ਰਦੇਸ਼ ’ਚ ਭਾਜਪਾ ਸਰਕਾਰ ਦੇ 34 ਮੰਤਰੀਆਂ ’ਚ 38 ਫੀਸਦੀ ਭਾਵ 13 ਮੰਤਰੀਆਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਇਨ੍ਹਾਂ ’ਚੋਂ 30 ਮੰਤਰੀ ਕਰੋੜਪਤੀ ਹਨ। ਆਪਣੇ ਲੋਕਾਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ’ਤੇ ਖੁਸ਼ ਜਯੋਤਿਰਾਦਿਤਿਆ ਨੇ ਸੂਬੇ ’ਚ ਆਪਣੇ ਪੁਰਾਣੇ ਕਾਂਗਰਸੀ ਸਾਥੀਆਂ ਕਮਲਨਾਥ ਅਤੇ ਦਿੱਗਵਿਜੇ ਸਿੰਘ ’ਤੇ ਟਕੋਰ ਕਰਦੇ ਹੋਏ ਕਿਹਾ ਹੈ ਕਿ, ‘‘ਟਾਈਗਰ ਅਭੀ ਜ਼ਿੰਦਾ ਹੈ।’’

ਿੲਸ ਦੇ ਜਵਾਬ ’ਚ ਕਮਲਨਾਥ ਨੇ ਕਿਹਾ, ‘‘ਮੈਂ ਮਹਾਰਾਜਾ ਨਹੀਂ ਹਾਂ, ਮੈਂ ਮਾਮਾ (ਸੰਕੇਤ ਸ਼ਿਵਰਾਜ ਸਿੰਘ ਚੌਹਾਨ ਵੱਲ) ਨਹੀਂ ਹਾਂ, ਮੈਂ ਕਦੀ ਚਾਹ ਨਹੀਂ ਵੇਚੀ। ਮੈਂ ਤਾਂ ਬਸ ਕਮਲਨਾਥ ਹਾਂ। ਕਈ ਲੋਕ ਖੁਦ ਨੂੰ ਕਹਿੰਦੇ ਹਨ ਕਿ ਮੈਂ ਟਾਈਗਰ ਹਾਂ, ਮੈਂ ਨਾ ਤਾਂ ਟਾਈਗਰ ਹਾਂ ਅਤੇ ਨਾ ਪੇਪਰ ਟਾਈਗਰ ਹਾਂ। ਸੂਬੇ ਦੀ ਜਨਤਾ ਤੈਅ ਕਰੇਗੀ ਕਿ ਮੈਂ ਕੀ ਹਾਂ।’’

ਇਸੇ ਤਰ੍ਹਾਂ ਦਿੱਗਵਿਜੇ ਸਿੰਘ ਨੇ ਕਿਹਾ, ‘‘ਪਤਾ ਨਹੀਂ, ਇਸ ਮੰਤਰੀ ਪ੍ਰੀਸ਼ਦ ਵਾਧੇ ਨੇ ਕਿੰਨੇ ਭਾਜਪਾ ਦੇ ਟਾਈਗਰ ਜ਼ਿੰਦਾ ਕਰ ਦਿੱਤੇ। ਦੇਖਦੇ ਜਾਓ... ਸ਼ੇਰ ਦਾ ਸਹੀ ਚਰਿੱਤਰ ਤੁਸੀਂ ਜਾਣਦੇ ਹੋ? ਇਕ ਜੰਗਲ ’ਚ ਇਕ ਹੀ ਸ਼ੇਰ ਰਹਿੰਦਾ ਹੈ।’’

ਦੂਜੇ ਪਾਸੇ ਜਿਥੇ ਮੰਤਰੀ ਮੰਡਲ ’ਚ ਭਾਜਪਾ ਦੇ ਵਿਰੋਧੀ ਰਹੇ ਕਾਂਗਰਸ ਦੇ 12 ਦਲ-ਬਦਲੂ ਵਿਧਾਇਕਾਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਲਈ ਸ਼ਿਵਰਾਜ ਸਿੰਘ ਚੌਹਾਨ ਦੀ ਆਲੋਚਨਾ ਹੋ ਰਹੀ ਹੈ, ਉਥੇ ਹੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਮੰਤਰੀ ਮੰਡਲ ਦੇ ਗਠਨ ’ਚ ਆਪਣੇ ਸੁਝਾਵਾਂ ਦੀ ਅਣਦੇਖੀ ਕਰਨ ’ਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ।

ਇਹੀ ਨਹੀਂ, ਇਸ ਮੰਤਰੀ ਮੰਡਲ ਵਿਸਤਾਰ ’ਚ ਸਥਾਨਕ ਭਾਜਪਾ ਵਿਧਾਇਕ ਰਮੇਸ਼ ਮੈਂਦੋਲਾ ਨੂੰ ਥਾਂ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਇਕ ਸਮਰਥਕ ਨੇ ਆਪਣੇ ਸਰੀਰ ’ਤੇ ਮਿੱਟੀ ਦੇ ਤੇਲ ਦਾ ਪੀਪਾ ਉਲਟਾ ਕੇ ਆਤਮਦਾਹ ਦੀ ਕੋਸ਼ਿਸ਼ ਵੀ ਕੀਤੀ।

ਬੇਸ਼ੱਕ ਮਜਬੂਰੀ ’ਚ ਹੀ ਸਹੀ ਪਰ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮੰਤਰੀ ਮੰਡਲ ਦੇ ਵਾਧੇ ’ਚ ਜਯੋਤਿਰਾਦਿਤਿਆ ਸਿੰਧੀਆ ਦੇ ਦਲ-ਬਦਲੂ ਸਾਥੀਆਂ ਨੂੰ ਸ਼ਾਮਲ ਕਰ ਕੇ ਆਪਣੀ ਤੰਗਦਿਲੀ ਦੀ ਨੀਤੀ ਦਾ ਸਬੂਤ ਦੇ ਦਿੱਤਾ ਹੈ ਅਤੇ ਸੱਤਾ ਲਈ ਇਕ ਗਲਤ ਪ੍ਰੰਪਰਾ ਨੂੰ ਅੱਗੇ ਵਧਾਇਆ ਹੈ।

-ਵਿਜੇ ਕੁਮਾਰ