ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਵੱਲੋਂ 24 ਮਾਰਚ ਤੋਂ ਲਗਾਈ ਗਈ ਰਾਸ਼ਟਰ ਪੱਧਰੀ ਤਾਲਾਬੰਦੀ ਦੀ ਵਜ੍ਹਾ ਨਾਲ ਰੱਦ ਹੋਈਆਂ ਫਲਾਈਟਾਂ ਦੀਆਂ ਟਿਕਟਾਂ ਦੇ 3,000 ਕਰੋੜ ਰੁਪਏ ਦੀ ਵਾਪਸੀ ਲਈ ਯਾਤਰੀਆਂ ਨੂੰ ਅਜੇ ਲੰਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਦੇ ਪੂਰੇ ਪੈਸੇ ਵਾਪਸ ਕਰਨ ਨੂੰ ਲੈ ਕੇ ਏਅਰਲਾਈਨਾਂ ਅਜੇ ਤਿਆਰ ਨਹੀਂ ਹਨ।

ਟਿਕਟਾਂ ਦੇ ਪੈਸੇ ਵਾਪਸ ਲੈਣ ਦੀ ਬਜਾਏ ਯਾਤਰੀ ਇਸ ਦਾ ਇਸਤੇਮਾਲ ਭਵਿੱਖ 'ਚ ਯਾਤਰਾ ਕਰਨ ਲਈ ਵੀ ਕਰ ਸਕਦੇ ਹਨ। ਹਾਲਾਂਕਿ, ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਤਕਰੀਬਨ 1,500 ਕਰੋੜ ਰੁਪਏ ਯਾਤਰੀਆਂ ਨੂੰ ਵਾਪਸ ਕਰ ਦਿੱਤੇ ਗਏ ਹਨ। ਸਰਕਾਰ ਦਾ ਵੀ ਇਹ ਵਿਚਾਰ ਹੈ ਕਿ ਇਸ ਮਾਹੌਲ 'ਚ ਏਅਰਲਾਈਨਾਂ ਨੂੰ ਰਿਫੰਡ ਦਾ ਭੁਗਤਾਨ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ।

ਇਕ ਸਰਕਾਰੀ ਅਧਿਕਾਰੀ ਨੇ ਇਕਨੋਮਿਕ ਟਾਈਮਜ਼ ਨੂੰ ਕਿਹਾ ਕਿ ਏਅਰਲਾਈਨਾਂ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਹੀਆਂ ਹਨ ਅਤੇ ਇਸ ਵਜ੍ਹਾ ਨਾਲ ਰਕਮ ਨੂੰ ਵਾਪਸ ਕਰਨ ਲਈ ਉਨ੍ਹਾਂ ਨੂੰ ਮਜ਼ਬੂਰ ਕਰਨਾ ਸੰਭਵ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਵਿਚਕਾਰ ਦਾ ਰਸਤਾ ਕੱਢਣ ਦੀ ਲੋੜ ਹੈ ਜਿਸ ਨਾਲ ਏਅਰਲਾਈਨਾਂ ਤੇ ਯਾਤਰੀਆਂ ਦੀ ਅਣਦੇਖੀ ਨਾ ਹੋਵੇ। ਈ. ਟੀ. ਨੇ ਸਾਰੀਆਂ ਘਰੇਲੂ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ 'ਚੋਂ ਕਿਸੇ ਨੇ ਜਵਾਬ ਨਹੀਂ ਦਿੱਤਾ ਕਿਉਂਕਿ ਮਾਮਲਾ ਫਿਲਹਾਲ ਅਦਾਲਤ 'ਚ ਹੈ।