ਗੁਰਦਾਸਪੁਰ, (ਹਰਮਨ, ਵਿਨੋਦ)- ਸਰਹੱਦੀ ਜ਼ਿਲਾ ਗੁਰਦਾਸਪੁਰ ਅੰਦਰ ਕੋਰੋਨਾਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ, ਜਿਸ ਕਾਰਣ ਅੱਜ 47 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 2 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਕਾਰਣ ਜ਼ਿਲੇ ਅੰਦਰ ਕੋਰੋਨਾ ਕਾਰਣ ਮਰੇ ਵਿਅਕਤੀਆਂ ਦੀ ਗਿਣਤੀ 22 ਹੋ ਗਈ ਹੈ। ਅੱਜ ਮੌਤ ਦੇ ਮੂੰਹ ਵਿਚ ਗਏ ਵਿਅਕਤੀਆਂ ਵਿਚੋਂ ਇਕ ਦੀ ਉਮਰ 66 ਸਾਲ ਹੈ ਜੋ ਬਟਾਲਾ ਨਾਲ ਸਬੰਧਤ ਹੈ ਜਦੋਂ ਕਿ ਦੂਸਰਾ ਮ੍ਰਿਤਕ ਦੋਰਾਂਗਲਾ ਨਾਲ ਸਬੰਧਤ ਹੈ। ਦੂਜੇ ਪਾਸੇ ਅੱਜ ਸਾਹਮਣੇ ਆਏ ਮਰੀਜ਼ਾਂ ਕਾਰਣ ਹੁਣ ਜ਼ਿਲੇ ਅੰਦਰ ਕੁੱਲ ਪੀੜਤਾਂ ਦੀ ਗਿਣਤੀ 733 ਤੱਕ ਪਹੁੰਚ ਗਈ ਹੈ।

ਅੱਜ ਸਾਹਮਣੇ ਆਏ ਨਵੇਂ ਮਰੀਜ਼ਾਂ ’ਚੋਂ 29 ਸਾਲਾਂ ਦਾ ਨੌਜਵਾਨ ਅਤੇ 23 ਸਾਲਾਂ ਦੀ ਲੜਕੀ ਗੀਤਾ ਭਵਨ ਰੋਡ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਜਦੋਂ ਕਿ 7 ਮਰੀਜ਼ ਸੰਤ ਨਗਰ ਗੁਰਦਾਸਪੁਰ ਦੇ ਹਨ, ਜਿਨ੍ਹਾਂ ਵਿਚ 63 ਸਾਲਾਂ ਦਾ ਵਿਅਕਤੀ ਤੇ 10 ਸਾਲਾਂ ਦੀ ਲੜਕੀ ਦੇ ਇਲਾਵਾ 30 ਸਾਲਾਂ ਦੀ ਔਰਤ ਸ਼ਾਮਲ ਹੈ। ਇਸੇ ਮੁਹੱਲੇ ਦੇ ਬਾਕੀ 4 ਮਰੀਜ਼ਾਂ ’ਚ 72 ਸਾਲਾਂ ਦਾ ਬਜ਼ੁਰਗ, 13 ਤੇ 9 ਸਾਲਾਂ ਦੇ ਲੜਕੇ ਅਤੇ 42 ਸਾਲਾਂ ਦਾ ਵਿਅਕਤੀ ਸ਼ਾਮਲ ਹੈ। ਇਸੇ ਤਰ੍ਹਾਂ 3 ਮਰੀਜ਼ ਗੁਰਦਾਸਪੁਰ ਦੇ ਮੁਹੱਲਾ ਸ਼ੰਕਰ ਨਗਰ ਦੇ ਹਨ, ਜਿਨ੍ਹਾਂ ’ਚੋਂ 33 ਅਤੇ 20 ਸਾਲ ਦੇ ਨੌਜਵਾਨ ਅਤੇ 34 ਸਾਲਾਂ ਦੀ ਔਰਤ ਹੈ। ਕੋਟਲੀ ਨਾਲ ਸਬੰਧਤ 30 ਸਾਲ ਦੇਾਨੌਜਵਾਨ, ਖਜੂਰੀ ਗੇਟ ਬਟਾਲਾ ਦੀ 40 ਸਾਲ ਦੀ ਔਰਤ, ਪਿੰਡ ਸ਼ਿਕਾਰ ਦੇ 30 ਤੇ 40 ਸਾਲਾਂ ਦੇ 2 ਵਿਅਕਤੀਆਂ, ਤਲਵੰਡੀ ਵਿਰਕ ਦੀ 29 ਸਾਲ ਦੀ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਕਤ ਮਰੀਜ਼ਾਂ ਤੋਂ ਇਲਾਵਾ ਦੀਨਾਨਗਰ ਦੇ 8 ਮਰੀਜ਼ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ ’ਚ 49 ਸਾਲ ਦੀ ਔਰਤ, 25 ਸਾਲ ਦਾ ਲੜਕਾ, 21 ਤੇ 19 ਸਾਲ ਦੀਆਂ ਲੜਕੀਆਂ, 44 ਸਾਲ ਦਾ ਵਿਅਕਤੀ ਅਤੇ 78 ਸਾਲ ਦੀ ਬਜ਼ੁਰਗ ਔਰਤ ਸ਼ਾਮਲ ਹੈ। ਦੀਨਾਨਗਰ ਨੇੜਲੇ ਪਿੰਡ ਰਾਊਵਾਲ ਦੀ 45 ਸਾਲ ਦੀ ਔਰਤ, ਪਿੰਡ ਬਦੇਸ਼ਾ ਦੀ 59 ਸਾਲ ਦੀ ਔਰਤ, ਫਤਿਹਗੜ੍ਹ ਚੂੜੀਆਂ ਦੇ 29 ਸਾਲ ਦੇ ਨੌਜਵਾਨ ਅਤੇ ਪਿੰਡ ਸਤਕੋਹਾ ਦੀ 22 ਸਾਲ ਦੀ ਲੜਕੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਨ੍ਹਾਂ ਮਰੀਜ਼ਾਂ ਨੂੰ ਇਕਾਂਤਵਾਸ ਕਰ ਕੇ ਉਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਵੀ ਲਏ ਜਾ ਰਹੇ ਹਨ।