ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸ ਨੇ ਜਿਸ ਢੰਗ ਨਾਲ ਲੀਜੈਂਡਸ ਆਫ ਚੈੱਸ ਦਾ ਖਿਤਾਬ ਜਿੱਤਿਆ ਹੈ, ਪੂਰੀ ਦੁਨੀਆ ’ਚ ਉਨ੍ਹਾਂ ਦੀ ਚਰਚਾ ਇਸ ਗੱਲ ਨੂੰ ਲੈ ਕੇ ਹੋ ਰਹੀ ਹੈ ਕਿ ਸ਼ਾਇਦ ਮੌਜੂਦਾ ਸਮੇਂ ’ਚ ਦੂਜਾ ਕੋਈ ਖਿਡਾਰੀ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਹੈ ਪਰ ਅਜਿਹੇ ਸਮੇਂ ’ਚ ਵੀ ਕਾਰਲਸਨ ਆਪਣੀ ਖੇਡ ’ਚ ਸੁਧਾਰ ਦੀ ਗੁੰਜਾਇਸ਼ ਦੇਖਦੇ ਹਨ ਤੇ ਇਹੀ ਗੱਲ ਉਨ੍ਹਾਂ ਨੂੰ ਬੇਹੱਦ ਖਾਸ ਬਣਾਉਂਦੀ ਹੈ।
ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ ‘ਇਹ ਬੇਸ਼ੱਕ ਸ਼ਾਨਦਾਰ ਨਤੀਜਾ ਹੈ ਪਰ ਹਮੇਸ਼ਾ ਕੰਮ ਕਰਨ ਲਈ ਚੀਜ਼ਾਂ ਹੁੰਦੀਆਂ ਹਨ ਤੇ ਹੁਣ ਜੋ ਗ੍ਰੈਂਡ ਫਾਈਨਲ ਆ ਿਰਹਾ ਹੈ, ਉਥੇ ਮੈਨੂੰ ਹੋਰ ਮੁਸ਼ਕਿਲ ਵਿਰੋਧੀਆਂ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਮੈਨੂੰ ਅਜੇ ਹੋਰ ਸੁਧਾਰ ਕਰਨ ਦੀ ਲੋੜ ਹੈ।’ ਅਸਲ ’ਚ ਕਾਰਲਸਨ ਦਾ ਇਸ਼ਾਰਾ ਇਸੇ ਟੂਰ ਦਾ ਸੁਪਰ ਫਾਈਨਲ ਖੇਡਣ ਵੱਲ ਸੀ, ਜਿਥੇ ਉਨ੍ਹਾਂ ਦੇ ਸਾਹਮਣੇ ਪਲੇਅ-ਆਫ ’ਚ ਹੋਣਗੇ ਚੀਨ ਦੇ ਡਿੰਗ ਲੀਰੇਨ ਜਦਕਿ ਅਮਰੀਕਾ ਦੇ ਹੀਕਾਰੂ ਨਾਕਾਮੁਰਾ ਰੂਸ ਦੇ ਡੇਨੀਅਲ ਡੁਬੋਵ ਨਾਲ ਖੇਡੇਗਾ। 18 ਅਪ੍ਰੈਲ ਤੋਂ ਸ਼ੁਰੂ ਹੋਇਆ ਸ਼ਤਰੰਜ ਟੂਰ ਹੁਣ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ। 4 ਮਹੀਨੇ ਤੇ 2 ਦਿਨਾਂ ’ਚ ਪੂਰਾ ਹੋਣ ਵਾਲੇ ਇਸ ਟੂਰ ਨੇ ਮੌਜੂਦਾ ਕੋਰੋਨਾ ਕਾਲ ’ਚ ਵੀ ਸ਼ਤਰੰਜ ਜਾਰੀ ਰੱਖਣ ਤੇ ਸਿੱਖਣ-ਸਮਝਣ ਦਾ ਪੂਰਾ ਮੌਕਾ ਸਾਰੀ ਦੁਨੀਆ ਦੇ ਲੋਕਾਂ ਨੂੰ ਦਿੱਤਾ ਅਤੇ ਖੇਡ ਨੂੰ ਇਕ ਨਵੀਂ ਪਛਾਣ ਵੀ ਹਾਸਲ ਹੋਈ ਹੈ।