ਚੰਡੀਗੜ੍ਹ/ਜਲੰਧਰ,(ਰਮਨਜੀਤ, ਧਵਨ)- ਮੁੱਖ ਮੰਤਰੀ ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਬਾਰੇ ਕੇਸਾਂ ਦੀ ਪ੍ਰਗਤੀ ਦਾ ਰੋਜ਼ਾਨਾ ਜਾਇਜ਼ਾ ਲੈ ਰਹੇ ਹਨ ਅਤੇ ਸ਼ੁੱਕਰਵਾਰ ਨੂੰ ਉਹ ਤਰਨਤਾਰਨ ਵਿਖੇ ਕੁਝ ਪੀੜਤ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕਰਨਗੇ। ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 113 ਹੋ ਗਈ ਹੈ ਅਤੇ ਪੰਜਾਬ ਪੁਲਸ ਵਲੋਂ ਲਗਾਤਾਰ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਵਾਲਿਆਂ ਖਿਲਾਫ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਨੇ ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ 197 ਨਵੇਂ ਕੇਸ ਦਰਜ ਕਰਨ ਅਤੇ 135 ਹੋਰ ਗ੍ਰਿਫਤਾਰੀਆਂ ਨਾਲ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਆਪਣੀ ਰਾਜ ਪੱਧਰੀ ਮੁਹਿੰਮ ਹੋਰ ਭਖਾ ਦਿੱਤੀ ਹੈ।

ਇਸ ਦੁਖਾਂਤ ਦੇ ਮੁੱਖ ਮੁਲਜ਼ਮ ਕਹੇ ਜਾ ਰਹੇ ਰਾਜੀਵ ਜੋਸ਼ੀ ਦੀ ਮਿੱਲਰ ਗੰਜ, ਲੁਧਿਆਣਾ ਸਥਿਤ ਦੁਕਾਨ/ਗੋਦਾਮ ਤੋਂ ਕੁੱਲ 284 ਡਰੰਮ ਮੈਥੇਨੌਲ ਜ਼ਬਤ ਕੀਤਾ ਗਿਆ ਹੈ, ਜਿਸ ਨੇ 3 ਡਰੰਮ ਮੈਥੇਨੌਲ ਸ਼ਰਾਬ ਸਮੱਗਲਰਾਂ ਨੂੰ ਵੇਚੇ ਸਨ, ਜਿਸ ਕਰਕੇ ਸੂਬੇ 'ਚ ਇਹ ਦੁਖਾਂਤ ਵਾਪਰਿਆ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇਸ ਦੁਖਾਂਤ ਦੀ ਜਾਂਚ ਜਾਰੀ ਹੈ ਅਤੇ ਮੁਕੱਦਮਿਆਂ ਦੀ ਤੇਜ਼ੀ ਨਾਲ ਪੜਤਾਲ ਮੁਕੰਮਲ ਕਰਨ ਲਈ 2 ਵਿਸ਼ੇਸ਼ ਪੜਤਾਲੀਆਂ ਟੀਮਾਂ (ਐੱਸ. ਆਈ. ਟੀ.) ਗਠਿਤ ਕੀਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਦਿਆਂ 1528 ਲੀਟਰ ਨਾਜਾਇਜ਼ ਸ਼ਰਾਬ, 7450 ਕਿਲੋਗ੍ਰਾਮ ਲਾਹਣ ਅਤੇ 962 ਲੀਟਰ ਸਮੱਗਲ ਕੀਤੀ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਲ ਦਰਜ ਕੀਤੇ ਗਏ 197 ਮਾਮਲਿਆਂ ਵਿਚ 11 ਦੇਸੀ ਦਾਰੂ ਦੀਆਂ ਭੱਠੀਆਂ ਵੀ ਫੜੀਆਂ ਗਈਆਂ ਹਨ। ਅੰਮ੍ਰਿਤਸਰ ਪੁਲਸ ਨੇ ਇਕ ਵਿਸ਼ੇਸ਼ ਮੁਹਿੰਮ ਦੌਰਾਨ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ ਹੈ।

ਗੁਪਤਾ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਛਾਪੇਮਾਰੀ ਦੌਰਾਨ ਹੁਣ ਤਕ ਕੁੱਲ 1489 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 1034 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਰਾਜ ਪੱਧਰੀ ਛਾਪੇਮਾਰੀ ਦੌਰਾਨ ਕੁੱਲ 29,422 ਲੀਟਰ ਨਾਜਾਇਜ਼ ਸ਼ਰਾਬ, 12,599 ਲੀਟਰ ਸ਼ਰਾਬ ਅਤੇ 5,82,406 ਕਿਲੋਗ੍ਰਾਮ ਲਾਹਣ ਸਮੇਤ 20, 960 ਲੀਟਰ ਅਲਕੋਹਲ/ਸਪਿਰਿਟ ਬਰਾਮਦ ਕੀਤੀ ਗਈ ਹੈ ਅਤੇ 73 ਚਲਦੀਆਂ ਦੇਸੀ ਦਾਰੂ ਦੀਆਂ ਭੱਠੀਆਂ ਫੜੀਆਂ ਗਈਆਂ ਹਨ। ਜ਼ਿਲਾ ਹੁਸ਼ਿਆਰਪੁਰ ਵਿਚ ਵੱਡੀ ਕਾਰਵਾਈ ਕਰਦਿਆਂ ਦਸੂਹਾ ਪੁਲਸ ਵਲੋਂ 400 ਕਿਲੋ ਲਾਹਣ ਬਰਾਮਦ ਕਰਕੇ ਇਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ।