ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)-ਜ਼ਿਲੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਕੋਰੋਨਾ ਨੇ ਸ਼ਹਿਰ 'ਚ ਇਕ ਹੋਰ ਜਾਨ ਲੈ ਲਈ। ਮ੍ਰਿਤਕ 62 ਸਾਲਾ ਔਰਤ ਸ਼ਹਿਰ ਦੇ ਅਰਬਨ ਸਟੇਟ ਦੇ ਇਕ ਪ੍ਰਮੁੱਖ ਵਪਾਰੀ ਦੀ ਧਰਮ ਪਤਨੀ ਹੈ। ਉਕਤ ਔਰਤ ਦੀ ਮੌਤ ਹੋਣ ਕਾਰਣ ਕੁੱਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਇਸ ਦੌਰਾਨ ਵੀਰਵਾਰ 21 ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।

ਵੀਰਵਾਰ ਨੂੰ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਇਕ ਕਰਮਚਾਰੀ ਸਮੇਤ 21 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲਾ ਵਾਸੀਆਂ 'ਚ ਇਕ ਵਾਰ ਫਿਰ ਦਹਿਸ਼ਤ ਪਾਈ ਗਈ। ਉੱਥੇ ਹੀ 8 ਮਰੀਜ਼ਾਂ ਨੂੰ ਤੰਦਰੁਸਤ ਹੋਣ 'ਤੇ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਹੈ। ਕੋਰੋਨਾ ਪਾਜ਼ੇਟਿਵ ਕੇਸ ਆਉਣ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੇ ਥਾਣਾ ਕੋਤਵਾਲੀ ਦੇ ਮੁਲਾਜ਼ਮਾਂ 'ਚ ਡਰ ਤੇ ਦਹਿਸ਼ਤ ਦਾ ਮਾਹੌਲ ਨਜ਼ਰ ਆਇਆ।

ਵੀਰਵਾਰ ਨੂੰ ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ 'ਚ 46 ਸਾਲਾ ਐੱਸ. ਐੱਚ. ਓ. ਥਾਣਾ ਕੋਤਵਾਲੀ, 45 ਸਾਲਾ ਡੀ. ਸੀ. ਦਫਤਰ ਮੁਲਾਜ਼ਮ ਕਪੂਰਥਲਾ, 24 ਸਾਲਾ ਪੁਰਸ਼ ਪੁਲਸ ਲਾਈਨ ਕਪੂਰਥਲਾ, 47 ਸਾਲਾ ਪੁਰਸ਼ ਸੰਪਰਕ ਪਾਜ਼ੇਟਿਵ ਕੇਸ ਥਾਣਾ ਸੁਭਾਨਪੁਰ, 39 ਸਾਲਾ ਪੁਰਸ਼ ਪੁਲਸ ਸਟੇਸ਼ਨ ਢਿਲਵਾਂ, 48 ਸਾਲਾ ਏ. ਐੱਨ. ਐੱਮ. ਮਕਸੂਦਪੁਰ ਕਪੂਰਥਲਾ, 50 ਸਾਲਾ ਮਹਿਲਾ ਸ਼ੇਖੂਪੁਰ ਕਪੂਰਥਲਾ, 46 ਸਾਲਾ ਔਰਤ, 18 ਸਾਲਾ ਲੜਕੀ, 14 ਸਾਲਾ ਲੜਕਾ ਵਾਸੀ ਗ੍ਰੀਨ ਪਾਰਕ, 65 ਸਾਲਾ ਔਰਤ ਕਸੇਰਿਆ ਬਾਜ਼ਾਰ, 28 ਸਾਲਾ ਔਰਤ ਢਿੱਲਵਾ, 24 ਸਾਲਾ ਵਿਅਕਤੀ ਸੇਦਪੁਰ ਕਪੂਰਥਲਾ, 11 ਸਾਲਾ ਲੜਕੀ ਸੁਲਤਾਨਪੁਰ ਲੋਧੀ ਸ਼ਾਮਲ ਹਨ। ਇਸੇ ਤਰ੍ਹਾਂ 7 ਕੇਸ ਫਗਵਾੜਾ ਨਾਲ ਸਬੰਧਤ ਹਨ।

8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਵੀਰਵਾਰ ਨੂੰ 8 ਕੋਰੋਨਾ ਮਰੀਜ਼ਾਂ ਨੂੰ ਤੰਦਰੁਸਤ ਹੋਣ 'ਤੇ ਘਰ ਵਾਪਸ ਭੇਜਿਆ ਗਿਆ। ਕੋਰੋਨਾ ਨੂੰ ਮਾਤ ਦੇਣ ਵਾਲੇ ਇਨ੍ਹਾਂ ਅੱਠ ਮਰੀਜ਼ਾਂ ਨੂੰ ਜ਼ਿਲੇ ਦੇ ਵੱਖ ਵੱਖ ਹਸਪਤਾਲਾਂ ਤੋਂ ਡਿਸਚਾਰਜ਼ ਕਰ ਦਿੱਤਾ ਗਿਆ ਹੈ। ਉਨ੍ਹਾ ਦੱਸਿਆ ਕਿ ਜ਼ਿਲੇ ਅੰਦਰ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 406 ਹੋ ਚੁੱਕੀ ਹੈ, ਜ਼ਿਲੇ ਅੰਦਰ ਹੁਣ ਤੱਕ ਕੁੱਲ 202 ਵਿਅਕਤੀ ਕੋਰੋਨਾ ਵਿਰੁੱਧ ਲੜਾਈ ਜਿੱਤਕੇ ਅਪਣੇ ਘਰਾਂ ਨੂੰ ਪਰਤ ਚੁੱਕੇ ਜਦਕਿ ਕੁੱਲ ਐਕਟਿਵ ਕੇਸਾਂ ਦੀ ਗਿਣਤੀ 159 'ਤੇ ਪੁੱਜ ਗਈ ਹੈ। ਉਨਾਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਕੁੱਲ 301 ਨਮੂਨੇ ਲਏ ਗਏ ਹਨ ਜਿਨਾਂ ਵਿੱਚ ਫਗਵਾੜਾ ਵਿਖੇ 59, ਪਾਂਛਟਾ ਵਿਖੇ 16 ,ਆਰ.ਸੀ.ਐਫ. ਵਿਖੇ 11, ਕਪੂਰਥਲਾ ਵਿਖੇ 44, ਕਾਲਾ ਸੰਘਿਆ ਵਿਖੇ 52, ਬੇਗੋਵਾਲ ਵਿਖੇ 20,ਭੁਲੱਥ ਵਿਖੇ 6, ਫੱਤੂਢੀਂਗਾ ਵਿਖੇ 12, ਸੁਲਤਾਨਪੁਰ ਲੋਧੀ ਵਿਖੇ 13 ਅਤੇ ਟਿੱਬਾ ਵਿਖੇ 69 ਨਮੂਨੇ ਇੱਕਤਰ ਕੀਤੇ ਗਏ ਹਨ।