ਨਵੀਂ ਦਿੱਲੀ - ਪਿਛਲੇ ਕੁਝ ਮਹੀਨਿਆਂ 'ਚ ਬਹੁਤ ਸਾਰੇ ਕਲਾਕਾਰਾਂ ਨੇ ਆਤਮ ਹੱਤਿਆ ਕਰਕੇ ਆਪਣੀ ਜਾਨ ਦਿੱਤੀ ਹੈ। ਇਸ ਸਿਲਸਿਲੇ 'ਚ ਹੁਣ ਸੁਸ਼ਾਂਤ ਸਿੰਘ ਰਾਜਪੁਤ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਭੋਜਪੁਰੀ ਅਦਾਕਾਰਾ ਅਨੁਪਮਾ ਪਾਠਕ ਦੀ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਇਕ ਨਿਊਜ਼ ਏਜੰਸੀ ਦੇ ਟਵੀਟ ਦੇ ਅਨੁਸਾਰ, ਉਸ ਨੇ ਮੁੰਬਈ ਦੇ ਆਪਣੇ ਫਲੈਟ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਮੁੰਬਈ ਦੇ ਦਹਿਸਰ 'ਚ ਇੱਕ ਘਰ 'ਚ ਲਟਕਦੀ ਮਿਲੀ। 40 ਸਾਲਾ ਅਦਾਕਾਰਾ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਰਿਆਂ ਲਈ ਹੈਰਾਨ ਕਰ ਦੇਣ ਵਾਲੀ ਹੈ। ਉਹ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਲਾਈਵ ਆਈ ਸੀ।

ਆਪਣੇ ਫੇਸਬੁੱਕ ਲਾਈਵ 'ਚ ਅਨੁਪਮਾ ਨੇ ਲੋਕਾਂ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਕਹੀ। ਉਸ ਨੇ ਆਪਣੇ ਫੇਸਬੁੱਕ ਲਾਈਵ 'ਚ ਕਿਹਾ ਕਿ ਕਿਸੇ ‘ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਆਪਣੀ ਵੀਡੀਓ 'ਚ ਉਸ ਨੇ ਇਹ ਵੀ ਦੱਸਿਆ ਕਿ ਕਿਵੇਂ ਉਸ ਨਾਲ ਧੋਖਾ ਕੀਤਾ ਗਿਆ ਹੈ। ਖ਼ਬਰਾਂ ਅਨੁਸਾਰ, ਅਨੁਪਮਾ ਦੇ ਫਲੈਟ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ 'ਚ ਉਸ ਨੇ ਇਹ ਕਦਮ ਚੁੱਕਣ ਦੇ ਦੋ ਕਾਰਨ ਦੱਸੇ ਹਨ। ਉਸ ਨੇ ਇਸ ਸੁਸਾਈਡ ਨੋਟ 'ਚ ਲਿਖਿਆ, "ਮੈਂ ਇਕ ਦੋਸਤ ਦੀ ਬੇਨਤੀ 'ਤੇ ਮਲਾਡ ਦੀ ਵਿਸਡਮ ਪ੍ਰੋਡਿਊਸਰ ਕੰਪਨੀ 'ਚ 10,000 ਰੁਪਏ ਦਾ ਨਿਵੇਸ਼ ਕੀਤਾ ਸੀ। ਕੰਪਨੀ ਦਸੰਬਰ 2019 'ਚ ਮੇਰੇ ਪੈਸੇ ਵਾਪਸ ਕਰਨ ਵਾਲੀ ਸੀ। ਹਾਲਾਂਕਿ ਕੰਪਨੀ ਮੇਰੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਰਹੀ ਹੈ।" ਉਸ ਨੇ ਆਪਣੇ ਸੁਸਾਈਡ ਨੋਟ 'ਚ ਮਨੀਸ਼ ਝਾ ਨਾਮ ਦੇ ਇੱਕ ਵਿਅਕਤੀ ਦਾ ਜ਼ਿਕਰ ਵੀ ਕੀਤਾ ਹੈ।