ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫਿਰ ਜ਼ਿਲੇ ਅੰਦਰ ਕੋਰੋਨਾ ਦੇ ਸੱਤ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜ਼ਿਲੇ ਅੰਦਰ ਸੱਤ ਕੇਸ ਪਾਜ਼ੇਟਿਵ ਪਾਏ ਗਏ ਹਨ, ਜਿੰਨ੍ਹਾਂ ਵਿਚ ਤਿੰਨ ਕੇਸ ਸ੍ਰੀ ਮੁਕਤਸਰ ਸਾਹਿਬ, ਇਕ ਕੇਸ ਪਿੰਡ ਹੁਸਨਰ, ਇਕ ਕੇਸ ਗਿੱਦੜਬਾਹਾ, ਇਕ ਕੇਸ ਪਿੰਡ ਸ਼ਾਮ ਖੇੜਾ ਅਤੇ ਇਕ ਕੇਸ ਪਿੰਡ ਭਗਵਾਨਪੁਰਾ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ-19 ਸੈਂਟਰ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਜ 9 ਮਰੀਜ਼ਾਂ ਨੂੰ ਠੀਕ ਕਰ ਕੇ ਘਰ ਵੀ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ ਹੁਣ 270 ਹੋ ਗਈ ਹੈ, ਜਿੰਨ੍ਹਾਂ ਵਿਚੋਂ 228 ਮਰੀਜ਼ਾਂ ਨੂੰ ਹੁਣ ਤੱਕ ਛੁੱਟੀ ਮਿਲ ਚੁੱਕੀ ਹੈ, ਜਦੋਂਕਿ 40 ਕੇਸ ਐਕਟਿਵ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ 213 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂÎ ਕਿ ਹੁਣ 401 ਸੈਂਪਲ ਬਕਾਇਆ ਹਨ। ਅੱਜ 184 ਨਵੇਂ ਸੈਂਪਲ ਇਕੱਤਰ ਕਰ ਕੇ ਜਾਂਚ ਲਈ ਭੇਜੇ ਗਏ ਹਨ, ਜਿੰਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੁਸ਼ਟੀ ਕੀਤੀ ਜਾਵੇਗੀ।