ਲਖਨਊ (ਭਾਸ਼ਾ, ਨਾਸਿਰ) : ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਵਕਫ ਬੋਰਡ ਅਯੁੱਧਿਆ 'ਚ 5 ਏਕੜ 'ਚ ਮਸਜਿਦ ਨਿਰਮਾਣ ਦੇ ਸੰਬੰਧ 'ਚ ਗਠਿਤ ਟਰੱਸਟ ਦੇ ਕੰਮ ਧੰਦੇ ਲਈ ਰਾਜਧਾਨੀ 'ਚ ਇੱਕ ਦਫ਼ਤਰ ਬਣਾਉਣ ਦੀ ਪ੍ਰਕਿਰਿਆ 'ਚ ਲੱਗਾ ਹੈ। ਟਰੱਸਟ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇੰਡੋ ਇਸਲਾਮਿਕ ਕਲਚਰਲ ਫਾਊਂਡੇਸ਼ਨ ਟਰੱਸਟ ਦਾ ਦਫ਼ਤਰ 10 ਤੋਂ 12 ਦਿਨ 'ਚ ਕੰਮ ਕਰਣ ਲੱਗੇਗਾ। ਆਈ.ਆਈ.ਸੀ.ਐੱਫ. ਦੇ ਸਕੱਤਰ ਅਤਹਰ ਹੁਸੈਨ ਨੇ ਦੱਸਿਆ ਕਿ ਟਰੱਸਟ ਦਾ ਗਠਨ ਹੋ ਗਿਆ ਹੈ, ਨਿਯਮਾਂ ਦੇ ਅਨੁਸਾਰ ਅਸੀਂ ਪੈਨ ਕਾਰਡ ਲਈ ਅਰਜ਼ੀ ਦਿੱਤੀ ਹੈ ਅਤੇ ਉਸ ਦੇ ਆਉਣ ਦਾ ਇੰਤਜਾਰ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਆਨਲਾਈਨ ਬੈਠਕ ਕਰ ਬੈਂਕ ਖਾਤਾ ਖੋਲ੍ਹਣ ਲਈ ਪ੍ਰਸਤਾਵ ਪਾਸ ਕਰਾਂਗੇ।

ਟਰੱਸਟ ਨੂੰ ਮਿਲਿਆ ਮਸਜਿਦ ਦੀ ਜ਼ਮੀਨ ਲਈ ਕਬਜ਼ਾ
ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਮਸਜਿਦ ਨਿਰਮਾਣ ਲਈ 5 ਏਕੜ ਜ਼ਮੀਨ ਅਯੁੱਧਿਆ ਦੇ ਧੰਨੀਪੁਰ ਪਿੰਡ 'ਚ ਅਲਾਟ ਕੀਤੀ ਹੈ। ਆਈ.ਆਈ.ਸੀ.ਐੱਫ., ਮਸਜਿਦ ਨਿਰਮਾਣ, ਇੰਡੋ ਇਸਲਾਮਿਕ ਸੈਂਟਰ, ਲਾਇਬ੍ਰੇਰੀ ਅਤੇ ਹਸਪਤਾਲ ਬਣਾਉਣ 'ਚ ਇਸ ਜ਼ਮੀਨ ਦਾ ਇਸਤੇਮਾਲ ਕਰੇਗਾ। ਟਰੱਸਟ ਦੇ ਇੱਕ ਮੈਂਬਰ ਨੇ ਦੱਸਿਆ ਕਿ ਅਯੁੱਧਿਆ  ਦੇ ਜ਼ਿਲ੍ਹਾ ਅਧਿਕਾਰੀ ਅਨੁਜ ਕੁਮਾਰ ਝਾ ਨੇ ਮਸਜਿਦ ਲਈ ਟਰੱਸਟ ਦੇ ਮੈਬਰਾਂ ਨੂੰ ਜ਼ਮੀਨ ਦਾ ਕਬਜ਼ਾ ਦੇ ਦਿੱਤਾ ਹੈ। ਸਾਨੂੰ ਜ਼ਮੀਨ ਦੇ ਮਾਲ ਰਿਕਾਰਡ ਦੀ ਪ੍ਰਮਾਣਿਤ ਨਕਲ ਮਿਲ ਗਈ ਹੈ।

ਪਿੰਡ ਦੇ ਲੋਕਾਂ ਨੇ ਜਤਾਈ ਖੁਸ਼ੀ
ਧੰਨੀਪੁਰ ਪਿੰਡ ਦੇ ਨਿਵਾਸੀ ਮਸਜਿਦ ਬਣਨ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।  ਪਿੰਡ ਦੇ ਮੁਹੰਮਦ ਇਜ਼ਹਾਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜ਼ਮੀਨ ਇੱਥੇ ਮਿਲੀ ਹੈ। ਅਸੀਂ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦੇ ਹਾਂ ਕਿ ਕੰਮ ਛੇਤੀ ਸ਼ੁਰੂ ਹੋਵੇਗਾ। ਸਾਨੂੰ ਉਮੀਦ ਹੈ ਕਿ ਹੁਣ ਸਾਡੇ ਪਿੰਡ ਦਾ ਵਿਕਾਸ ਹੋਵੇਗਾ। ਪਿੰਡ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਨੇ ਵੀ ਆਪਣੀ ਖੁਸ਼ੀ ਕੁੱਝ ਇਸੇ ਤਰ੍ਹਾਂ ਸਪੱਸ਼ਟ ਕੀਤੀ।

ਟਰੱਸਟ 'ਚ ਹੋਣਗੇ 15 ਮੈਂਬਰ
ਇਸ ਟਰੱਸਟ 'ਚ 15 ਮੈਂਬਰ ਹੋਣਗੇ, ਜਿਸ 'ਚ 9 ਦੇ ਨਾਵਾਂ ਦਾ ਐਲਾਨ ਹੋ ਗਿਆ ਹੈ, ਬਾਕੀ ਨਾਵਾਂ ਦਾ ਵੀ ਐਲਾਨ ਛੇਤੀ ਹੋ ਜਾਵੇਗਾ। ਟਰੱਸਟ ਦੇ ਇੱਕ ਮੈਂਬਰ ਨੇ ਦੱਸਿਆ ਕਿ ਛੇਤੀ ਹੀ ਟਰੱਸਟ ਦੇ 6 ਹੋਰ ਮੈਬਰਾਂ ਦੀ ਚੋਣ ਕੀਤੀ ਜਾਵੇਗੀ। ਟਰੱਸਟ ਦਾ ਸਕੱਤਰ ਹੀ ਇਸ ਦਾ ਅਧਿਕਾਰਕ ਬੁਲਾਰਾ ਹੋਵੇਗਾ।