‘ਕੋਰੋਨਾ’ ਮਹਾਮਾਰੀ ਨੇ ਅੱਜ ਸਮੁੱਚੇ ਵਿਸ਼ਵ ’ਚ ਖੌਫ ਫੈਲਾਅ ਰੱਖਿਆ ਹੈ ਅਤੇ ਇਸ ਅਦ੍ਰਿਸ਼ ਦੁਸ਼ਮਣ ਨੇ ਲੋਕਾਂ ਨੂੰ ਇੰਨਾ ਹਮਦਰਦੀਹੀਣ ਬਣਾ ਦਿੱਤਾ ਹੈ ਕਿ ਸਮਾਜ ਦਾ ਇਕ ਵੱਡਾ ਹਿੱਸਾ ਕੋਰੋਨਾ ਤੋਂ ਮੁਕਤ ਹੋ ਚੁੱਕੇ ਲੋਕਾਂ ਤਕ ਦੇ ਨਾਲ ਅਛੂਤਾਂ ਵਰਗਾ ਸਲੂਕ ਕਰਨ ਲੱਗਾ ਹੈ।

ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲੇ ਦੇ ਮਗਹਰ ਕਸਬੇ ’ਚ ਰਹਿਣ ਵਾਲੇ ਇਕ ਕੋਰੋਨਾ ਇਨਫੈਕਟਿਡ ਪਰਿਵਾਰ ਦੇ ਇਕਾਂਤਵਾਸ ਤੋਂ ਵਾਪਸ ਆਉਣ ਦੇ ਬਾਅਦ ਵੀ ਹਾਲਤ ਇਹ ਹੈ ਕਿ ਜਦ ਇਸ ਪਰਿਵਾਰ ਦੇ ਮੈਂਬਰ ਬਾਹਰ ਨਿਕਲਦੇ ਹਨ ਤਾਂ ਲੋਕ ਘੁਸਰ-ਮੁਸਰ ਕਰਨ ਲੱਗਦੇ ਹਨ, ‘‘ਕੋੋਰੋਨਾ ਵਾਲੇ ਆ ਗਏ।’’ ਅਤੇ ਕੋਈ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ।

ਉੱਤਰ ਪ੍ਰਦੇਸ਼ ਕੁਸ਼ੀਨਗਰ ਦੇ ਪੋਖਰਾ ਟੋਲਾ ਦੇ ਅਸ਼ੋਕ ਸਿੰਘ ਦੇ ਅਨੁਸਾਰ, ‘‘ਜਾਂਚ ’ਚ ਕੋਰੋਨਾ ਪਾਜ਼ੇਟਿਵ ਆਉਣ ’ਤੇ ਪਿੰਡ ਵਾਲਿਆਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਮੇਰਾ ਮੁਕੰਮਲ ਬਾਈਕਾਟ ਕਰ ਿਦੱਤਾ। ਹੁਣ ਮੈਂ ਠੀਕ ਹੋ ਗਿਆ ਹਾਂ, ਫਿਰ ਵੀ ਕੋਈ ਸਾਡੀ ਦੁਕਾਨ ਤੋਂ ਸਾਮਾਨ ਲੈਣ ਨਹੀਂ ਆਉਂਦਾ। ਸਾਰੇ ਕਹਿੰਦੇ ਹਨ ਕਿ ਮੈਂ ਬੀਮਾਰੀ ਫੈਲਾਅ ਦਿੱਤੀ।’’

ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ’ਚ ਅਨੇਕ ਰੋਗੀਆਂ ਨੂੰ ਇਸ ਜਾਨਲੇਵਾ ਬੀਮਾਰੀ ਤੋਂ ਮੁਕਤ ਹੋਣ ਦੇ ਬਾਅਦ ਵੀ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਗੁਆਂਢੀ ਉਨ੍ਹਾਂ ਨਾਲ ਅਛੂਤਾਂ ਵਰਗਾ ਸਲੂਕ ਕਰਦੇ ਹਨ।

ਸਮਾਜ ’ਚ ਪ੍ਰਵਾਨ ਨਾ ਕੀਤੇ ਜਾਣ ਦੇ ਕਾਰਨ ਹੀ ਇਕ ਕੋਰੋਨਾ ਮੁਕਤ ਔਰਤ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਅਤੇ ਅਨੇਕ ਲੋਕਾਂ ਕੋੋਲੋਂ ਉਨ੍ਹਾਂ ਦੇ ਮਕਾਨ ਮਾਲਕਾਂ ਨੇ ਮਕਾਨ ਖਾਲੀ ਕਰਵਾ ਲਏ।

ਅਜਿਹੀ ਇਕ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਬੀਮਾਰੀ ਦਾ ਸਾਹਮਣਾ ਕਰਨਾ ਤਾਂ ਸੌਖਾ ਸੀ ਪਰ ਉਨ੍ਹਾਂ ਨਾਲ ਅਜਿਹਾ ਸਲੂਕ ਕਰਨ ਵਾਲੇ ਸਮਾਜ ਦਾ ਮੁਕਾਬਲਾ ਕਰਨਾ ਬਹੁਤ ਔਖਾ ਹੋ ਰਿਹਾ ਹੈ।

ਰੋਗ ਮੁਕਤ ਹੋ ਚੁੱਕਾ ਇਕ ਲੜਕਾ ਜਦੋਂ ਇਕਾਂਤਵਾਸ ਖਤਮ ਕਰ ਕੇ ਆਪਣੇ ਦੋਸਤਾਂ ਦੇ ਦਰਮਿਆਨ ਗਿਆ ਤਾਂ ਉਨ੍ਹਾਂ ਨੇ ਉਸਨੂੰ ਆਪਣੀ ਮੰਡਲੀ ’ਚ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ, ਜਦਕਿ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਇਸੇ ਲੜਕੇ ਦੇ ਇਕ ਰਿਸ਼ਤੇਦਾਰ ਨੂੰ ਉਸਦੇ ਮਕਾਨ ਮਾਲਕ ਨੇ ਮਕਾਨ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ।

ਇਹੀ ਨਹੀਂ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਅਤੇ ਹੋਰ ਮੈਡੀਕਲ ਸਟਾਫ ਦੇ ਇਲਾਵਾ ਦੂਸਰੇ ‘ਕੋੋਰੋਨਾ ਯੋਧਿਅਾਂ’ ਨੂੰ ਵੀ ਤੰਗ ਕਰਨ ਅਤੇ ਉਨ੍ਹਾਂ ਨਾਲ ਕੁੱਟਮਾਰ ਤਕ ਕਰਨ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ’ਚ ਬੰਗਾਲ ’ਚ ਅਜਿਹੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਸਪੱਸ਼ਟ ਹੈ ਕਿ ਕੋੋਰੋਨਾ ਵਾਇਰਸ ਦੇ ਡਰ ਦੇ ਕਾਰਨ ਮਨੁੱਖੀ ਹਮਦਰਦੀ ਵੀ ਦਮ ਤੋੜਨ ਲੱਗੀ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ ਕਿਹਾ ਜਾ ਸਕਦਾ। ਇਸ ਨਾਲ ਪੀੜਤਾਂ ਦੇ ਮਨ ’ਚ ਹੀਣਭਾਵਨਾ ਘਰ ਕਰਨ ਲੱਗੀ ਹੈ ਅਤੇ ਉਹ ਬੀਮਾਰੀ ਤੋਂ ਮੁਕਤ ਹੋ ਕੇ ਮਾਨਸਿਕ ਤਣਾਅ ਵਰਗੀਆਂ ਦੂਸਰੀਆਂ ਸਮੱਸਿਆਵਾਂ ’ਚ ਘਿਰ ਰਹੇ ਹਨ।

ਰਾਮ ਮੰਦਿਰ ਦੇ ਪੁਜਾਰੀ ਪ੍ਰਦੀਪ ਦਾਸ ਅਤੇ ਸੁਰੱਖਿਆ ’ਚ ਤਾਇਨਾਤ ਪੁਲਸ ਕਰਮਚਾਰੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਇਸਪਾਤ ਮੰਤਰੀ ਧਰਮੇਂਦਰ ਪ੍ਰਧਾਨ, ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦਾ ਬੇਟਾ ਕਾਰਤੀ ਚਿਦਾਂਬਰਮ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਯੂ. ਪੀ. ਦੇ ਕੈਬਨਿਟ ਮੰਤਰੀ ਬਰਜੇਸ਼ ਪਾਠਕ, ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਤੇ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਦੀ ਇਕ ਬੇਟੀ ਆਦਿ ਇਨਫੈਕਟਿਡ ਪਾਏ ਗਏ ਹਨ।

ਇਹੀ ਨਹੀਂ, ਫਿਲਮ ਜਗਤ ’ਚ ਵੀ ਸਿਵਾਏ ਜਯਾ ਬੱਚਨ ਦੇ ਸੁਪਰ ਸਟਾਰ ਅਮਿਤਾਭ ਬੱਚਨ ਦਾ ਪਰਿਵਾਰ, ਗਾਇਕਾ ਕਨਿਕਾ ਕਪੂਰ, ਅਭਿਨੇਤਾ ਕਿਰਣ ਕੁਮਾਰ ਆਦਿ ਅਨੇਕ ਵੀ. ਆਈ. ਪੀਜ਼ ਇਸ ਮਹਾਮਾਰੀ ਦੀ ਲੇਪਟ ’ਚ ਆ ਚੁੱਕੇ ਹਨ, ਤਾਂ ਕੀ ਲੋਕ ਇਨ੍ਹਾਂ ਦਾ ਵੀ ਬਾਈਕਾਟ ਕਰਨਗੇ?

-ਵਿਜੇ ਕੁਮਾਰ