ਬਲਬੀਰ ਪੁੰਜ.....

ਬੀਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ ’ਚ ਭੂਮੀ ਪੂਜਨ ਹੋਣ ਦੇ ਨਾਲ ਰਾਮ ਮੰਦਿਰ ਦੇ ਮੁੜ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਹੋ ਗਿਆ ਹੈ। ਤਜਵੀਜ਼ਤ ਰਾਮ ਮੰਦਿਰ ਪੱਥਰ ਅਤੇ ਸੀਮੈਂਟ ਦਾ ਇਕ ਭਵਨ ਨਾ ਹੋ ਕੇ ਭਾਰਤ ਦੇ ਸਨਾਤਨ ਬਹੁਲਤਾਵਾਦੀ ਸੱਭਿਆਚਾਰ ਦੀ ਮੁੜ ਸਥਪਨਾ ਦਾ ਪ੍ਰਤੀਕ ਹੈ, ਜਿਸ ਨੂੰ ਸੈਂਕੜੇ ਸਾਲਾਂ ਤੋਂ ਵਿਦੇਸ਼ੀ ਹਮਲਾਵਰ ਤਬਾਹ ਕਰਨ ਦਾ ਅਸਫਲ ਯਤਨ ਕਰ ਰਹੇ ਹਨ।

ਕੀ ਇਸ ਇਤਿਹਾਸਕ ਪਲ ਦੀ ਕਲਪਨਾ 6 ਦਸੰਬਰ 1992 ਦੀ ਉਸ ਘਟਨਾ ਦੇ ਬਿਨਾਂ ਸੰਭਵ ਸੀ ਜਿਸ ’ਚ ਕਾਰਸੇਵਕਾਂ ਨੇ ਬਾਬਰੀ ਮਸਜਿਦ ਨਾਂ ਦੇ ਢਾਂਚੇ ਨੂੰ ਕੁਝ ਹੀ ਘੰਟਿਆਂ ਦੇ ਅੰਦਰ ਢਹਿ-ਢੇਰੀ ਕਰ ਦਿੱਤਾ ਅਤੇ ਇਸ ਘਟਨਾਕ੍ਰਮ ’ਚ ਕਈ ਕਾਰਸੇਵਕ ਸ਼ਹੀਦ ਵੀ ਹੋ ਗਏ। ਅਸਲ ’ਚ, ਇਹ ਕਈ ਸੌ ਸਾਲਾਂ ਦੀ ਬੇਇਨਸਾਫੀ ਤੋਂ ਪੈਦਾ ਹੋਏ ਗੁੱਸੇ ਦਾ ਪ੍ਰਗਟਾਵਾ ਸੀ। ਇਸ ’ਚ 1990 ਦਾ ਉਹ ਸਮਾਂ ਵੀ ਸ਼ਾਮਲ ਹੈ, ਜਦੋਂ ਤਤਕਾਲੀਨ ਮੁਲਾਇਮ ਸਰਕਾਰ ਦੇ ਹੁਕਮ ’ਤੇ ਕਾਰਸੇਵਕਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਜਿਸ ’ਚ ਕਈ ਨਿਹੱਥੇ ਰਾਮ ਭਗਤਾਂ ਦੀ ਮੌਤ ਹੋ ਗਈ ਸੀ।

ਸ਼੍ਰੀ ਰਾਮ ਦੀ ਹੋਂਦ ਦੇ ਬਿਨਾਂ ਭਾਰਤ ਦੀ ਸ਼ਖਸੀਅਤ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਰਾਮ ਪ੍ਰਤੱਖ-ਅਪ੍ਰਤੱਖ ਰੂਪ ਨਾਲ ਜਿਥੇ ਭਾਰਤੀ ਲੋਕਾਂ ਨੂੰ ਪ੍ਰੇਰਨਾ ਦਿੰਦੇ ਹਨ, ਉਥੇ ਉਨ੍ਹਾਂ ਦੀ ਯਾਦ ਭੌਤਿਕ ਰੂਪ ’ਚ ਵੀ ਬਿਰਾਜਮਾਨ ਹੈ। ਇਸ ਲਈ ਦੇਸ਼ ਦੇ ਅਣਗਿਣਤ ਨਗਰਾਂ, ਪਿੰਡਾਂ ਅਤੇ ਕਸਬਿਆਂ ਦੇ ਨਾਂ-ਰਾਮਪੁਰ, ਰਾਮਨਗਰ, ਰਾਮਗੜ੍ਹ ਆਦਿ ਸ਼੍ਰੀ ਰਾਮ ਦੇ ਨਾਂ ’ਤੇ ਹਨ।

ਸਦੀਆਂ ਤੋਂ ਕਿੰਨੇ ਭਾਰਤੀਆਂ ਦੇ ਨਾਂ ’ਚ ਕਿਸੇ ਨਾ ਕਿਸੇ ਰੂਪ ’ਚ ਰਾਮ ਬਿਰਾਜਿਤ ਹਨ-ਜਿਵੇਂ ਡਾ. ਭੀਮਰਾਓ ਰਾਮਜੀ ਅੰਬੇਡਕਰ ਅਤੇ ਸਮਾਜਵਾਦੀ ਰਾਮਮਨੋਹਰ ਲੋਹੀਆ। ਤ੍ਰਾਸਦੀ ਦੇਖੋ, ਜੋ ਲੋਕ ਸ਼੍ਰੀ ਰਾਮ ਦੀ ਹੋਂਦ ਨੂੰ ਨਕਾਰਦੇ ਰਹੇ ਹਨ, ਉਨ੍ਹਾਂ ਦੇ ਲੌਕਿਕ ਨਾਂ ’ਚ ਰਾਮ ਹੈ-ਜਿਵੇਂ ਕਿ ਖੱਬੇਪੱਖੀ ਸੀਤਾਰਾਮ ਯੇਚੁਰੀ ਅਤੇ ਦਲਿਤ ਸਿਆਸਤ ਦੇ ਪ੍ਰਮੁੱਖ ਚਿਹਰੇ ਕਾਂਸ਼ੀ ਰਾਮ। ਸਭ ਤੋਂ ਮਹੱਤਵਪੂਰਨ ਸਿੱਖ ਪੰਥ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਈਸ਼ਵਰ ਨੂੰ ਜਿਨ੍ਹਾਂ 35 ਨਾਵਾਂ ਨਾਲ ਪੁਕਾਰਿਆ ਗਿਆ ਹੈ, ਉਨ੍ਹਾਂ ’ਚ ਸਭ ਤੋਂ ਵੱਧ ਹਰਿ (ਵਿਸ਼ਨੂੰ) ਦਾ ਨਾਂ 8,000 ਵਾਰ ਤੇ ਰਾਮ ਦਾ ਵਰਨਣ 2500 ਤੋਂ ਵੱਧ ਵਾਰ ਹੈ।

6 ਦਸੰਬਰ 1992 ਨੂੰ ਜੋ ਢਾਂਚਾ ਕਾਰਸੇਵਕਾਂ ਵਲੋਂ ਡੇਗਿਆ ਗਿਆ ਸੀ, ਉਹ ਮੁਸਲਮਾਨਾਂ ਦਾ ਕੋਈ ਪੂਜਾ ਸਥਾਨ ਜਾਂ ਆਸਥਾ ਦਾ ਕੇਂਦਰ ਨਾ ਹੋ ਕੇ ਉਸ ਬਹੁਲਤਾਵਾਦ ਵਿਰੋਧੀ ‘ਕਾਫਿਰ-ਕੁਫਰ’ ਚਿੰਤਨ ਦਾ ਪ੍ਰਤੀਕ ਸੀ, ਜਿਸ ’ਚ ਗੈਰ-ਇਸਲਾਮੀ ਸੱਭਿਅਤਾ, ਸੱਭਿਆਚਾਰ ਤੇ ਰਵਾਇਤਾਂ ਦਾ ਕੋਈ ਸਥਾਨ ਨਹੀਂ ਸੀ। ਰਾਮ ਮੰਦਿਰ ਨੂੰ ਸਿਰਫ ਲੁੱਟ-ਖੋਹ ਦੀ ਨੀਅਤ ਨਾਲ ਨਹੀਂ ਤੋੜਿਆ ਗਿਆ ਸੀ, ਸਗੋਂ ਉਹ ਇਸਲਾਮੀ ਜੇਤੂਆਂ ਵਲੋਂ ਹਾਰਿਆਂ ਦੀ ਸ਼ਰਧਾ ਨੂੰ ਦਰੜਨਾ, ਉਨ੍ਹਾਂ ਦੀ ਪਛਾਣ ਨੂੰ ਤਬਾਹ ਅਤੇ ਉਨ੍ਹਾਂ ਨੂੰ ਬੇਇੱਜ਼ਤ ਕਰਨਾ ਚਾਹੁੰਦੇ ਸਨ। ਮਜ਼੍ਹਬੀ ਪਾਗਲਪੁਣੇ ’ਚ ਮੁਗਲ ਹਮਲਾਵਰ ਬਾਬਰ ਨੇ ਪਹਿਲਾਂ ਅਯੁੱਧਿਆ ’ਚ ਬਣੇ ਵਿਸ਼ਾਲ ਰਾਮ ਮੰਦਿਰ ਨੂੰ ਜ਼ਮੀਨਦੋਜ਼ ਕਰਨ ਦਾ ਹੁਕਮ ਦਿੱਤਾ। ਫਿਰ ਉਸੇ ਮੰਦਿਰ ਦੇ ਅਵਸ਼ੇਸ਼ਾਂ ’ਤੇ ਜੇਤੂਆਂ ਨੂੰ ਸੰਦੇਸ਼ ਦੇਣ ਲਈ ਇਕ ਅਜਿਹੀ ਇਮਾਰਤ ਦੀ ਉਸਾਰੀ ਕੀਤੀ ਜਿਸਦਾ ਇਕੋ-ਇਕ ਮਕਸਦ ਭਾਰਤ ਦੀ ਸੱਭਿਆਚਾਰ ਪਛਾਣ ਨੂੰ ਨਸ਼ਟ ਕਰ ਕੇ ਇਥੇ ਇਸਲਾਮੀ ਝੰਡੇ ਨੂੰ ਲਹਿਰਾਉਣਾ ਸੀ।

ਪ੍ਰਾਚੀਨ ਰਾਮ ਮੰਦਿਰ ਦੀ ਰੱਖਿਆ ਅਤੇ 1528 ’ਚ ਢਾਏ ਗਏ ਮੰਦਿਰ ਦੀ ਮੁੜ ਸਥਾਪਨਾ ਲਈ ਅਣਗਿਣਤ ਸੰਘਰਸ਼ ਕਰ ਰਹੇ ਰਾਮ ਭਗਤਾਂ ਨੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ਹੈ, ਜਿਨ੍ਹਾਂ ’ਚ ਸਿੱਖ ਸਮਾਜ ਨੇ ਵੀ ਪ੍ਰਮੁੱਖ ਭੂਮਿਕਾ ਨਿਭਾਈ। ਇਸ ਮਾਮਲੇ ’ਚ ਜੋ ਪਹਿਲੀ ਐੱਫ. ਆਈ. ਆਰ. ਦਰਜ ਹੋਈ, ਉਹ ਕਿਸੇ ਹਿੰਦੂ ਦੇ ਵਿਰੁੱਧ ਨਹੀਂ, ਸਗੋਂ ਰਾਮ ਭਗਤ ਸਿੱਖ ਦੇ ਵਿਰੁੱਧ ਸੀ। 28 ਨਵੰਬਰ 1858 ਨੂੰ ਅਵਧ ਦੇ ਉਸ ਸਮੇਂ ਦੇ ਥਾਣੇਦਾਰ ਸ਼ੀਤਰ ਦੁਬੇ ਵਲੋਂ ਲਿਖੀ ਐੱਫ. ਆਈ. ਆਰ. ਨੰ. 884 ਇਸਦਾ ਸਬੂਤ ਹੈ।

ਰਾਮ ਜਨਮ ਭੂਮੀ ਮੁਕਤੀ ਲਈ ਕੁਲ 76 ਜੰਗਾਂ ਲੜੀਆਂ ਗਈਆਂ, ਜਿਨ੍ਹਾਂ ’ਚ 1658 ਤੋਂ 1707 ਈ. ਦੇ ਵਕਫੇ ’ਚ ਹੀ ਇਕੱਲੇ 30 ਵਾਰ ਜੰਗ ਹੋਈ। 1735-59 ’ਚ ਵੀ ਹਿੰਦੂਆਂ ਨੇ ਰਾਮ ਜਨਮ ਭੂਮੀ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਆਸ ਅਨੁਸਾਰ ਸਫਲਤਾ ਨਾ ਮਿਲੀ। ਆਜ਼ਾਦੀ ਉਪਰੰਤ ਵੀ ਰਾਮ ਜਨਮ ਭੂਮੀ ਦਾ ਜਿਹਾਦੀ ਬੇੜੀਆਂ ’ਚ ਜਕੜੇ ਰਹਿਣਾ, ਭਾਰਤੀ ਨਿਆਂ ਵਿਵਸਥਾ ਦੀ ਬੇਕਾਰ ਅਤੇ ਹਿੰਦੂ ਸਮਾਜ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਇਸ ਰੋਸ ਨੇ 1980 ਦੇ ਦਹਾਕੇ ’ਚ ਰਾਮ ਜਨਮ ਭੂਮੀ ਅੰਦੋਲਨ ਨੂੰ ਜਨਮ ਦਿੱਤਾ।

ਉਂਝ ਤਾਂ ਬਾਬਰ ਦੇ ਦੌਰ ’ਚ ਰਾਮ ਜਨਮ ਭੂਮੀ ਅਯੁੱਧਿਆ ’ਤੇ ਪਹਿਲੀ ਵਾਰ ਮਜ਼੍ਹਬੀ ਹਮਲਾ ਹੋਇਆ ਪਰ ਇਸ ’ਤੇ ਇਸਲਾਮੀ ਹਮਲਾਵਰਾਂ ਦੀ ਇੱਲ ਵਾਲੀ ਨਜ਼ਰ 11ਵੀਂ ਸ਼ਤਾਬਦੀ ਦੇ ਆਰੰਭ ’ਚ ਉਦੋਂ ਤੋਂ ਸੀ, ਜਦੋਂ ਸੰਨ 1024 ਨੂੰ ਮੁਹੰਮਦ ਗਜ਼ਨਵੀ ਨੇ ਇਸਲਾਮ ਦੇ ਨਾਂ ’ਤੇ ਸੋਮਨਾਥ ਮੰਦਿਰ ਨੂੰ ਢਹਿ-ਢੇਰੀ ਕੀਤਾ ਸੀ। ਤਦ ਬਾਅਦ ’ਚ ਗਜ਼ਨਵੀ ਦਾ ਭਾਣਜਾ ਗਾਜੀ ਸੱਯਦ ਸਾਲਾਰ ਮਸੂਦ ਸਿੰਧੂ ਨਦੀ ਪਾਰ ਕਰ ਕੇ ਮੁਲਤਾਨ, ਦਿੱਲੀ, ਮੇਰਠ ਹੁੰਦੇ ਹੋਏ ਅਯੁੱਧਿਆ ਸਥਿਤ ਰਾਮ ਮੰਦਿਰ ਨੂੰ ਢਹਿ-ਢੇਰੀ ਕਰਨ ਬਹਿਰਾਈਚ ਤਕ ਪਹੰੁਚ ਗਿਆ ਸੀ। ਉਸਦੀ ਕਰਤੂਤ ਦੀ ਭਿਣਕ ਲੱਗਦੇ ਹੀ ਤਤਕਾਲੀਨ ਕੌਸ਼ਲਾਧਿਪਤੀ ਮਹਾਰਾਜ ਸੁਹੇਲਦੇਵ, ਜੋ ਕਿ ਸ਼੍ਰੀ ਰਾਮ ਜੀ ਦੇ ਪੁੱਤਰ ਲਵ ਦੇ ਵੰਸ਼ਜ ਸਨ ਅਤੇ ਉਸ ਸਮੇਂ ਅਯੁੱਧਿਆ ਉਨ੍ਹਾਂ ਦੇ ਸਾਮਰਾਜ ਦੀ ਰਾਜਧਾਨੀ ਹੁੰਦੀ ਸੀ-ਉਨ੍ਹਾਂ ਨੇ ਹੋਰ 25 ਹਿੰਦੂ ਰਾਜਿਆਂ ਨਾਲ ਰਲ ਕੇ ਮਸੂਦ ਦੀ ਇਸਲਾਮੀ ਫੌਜ ਵਿਰੱੁਧ ਮੋਰਚਾ ਖੋਲ੍ਹ ਦਿੱਤਾ।

ਉਦੋਂ ਸਾਧੂ-ਸੰਨਿਆਸੀ, ਅਖਾੜਿਆਂ ਦੇ ਮਹੰਤ ਅਤੇ ਉਨ੍ਹਾਂ ਦੇ ਪ੍ਰਚੰਡ ਚੇਲਿਆਂ ਦੀਆਂ ਬਟਾਲੀਅਨਾਂ ਵੀ ਹਥਿਆਰਾਂ ਨਾਲ ਇਸ ਸੰਘਰਸ਼ ’ਚ ਕੁੱਦ ਪਈਆਂ ਸਨ। 1034 ’ਚ ਘਾਘਰਾ ਨਦੀ ਦੇ ਨੇੜੇ 7 ਦਿਨ ਚੱਲੇ ਮਹਾਯੁੱਧ ’ਚ ਮੁਕੰਮਲ ਇਸਲਾਮੀ ਫੌਜ ਦਾ ਸਫਾਇਆ ਹੋ ਗਿਆ ਅਤੇ ਸਾਲਾਰ ਮਸੂਦ ਵੀ ਮਾਰਿਆ ਗਿਆ। ਸਾਲਾਰ ਦੀ ਜੀਵਨੀ ‘‘ਮੀਰਾਤ-ਏ-ਮਸੂਦੀ’’ ਲਿਖਣ ਵਾਲੇ ਸ਼ੇਖ ਅਬਦੁਲ ਰਹਿਮਾਨ ਚਿਸ਼ਤੀ ਨੇ ਲਿਖਿਆ ਹੈ, ‘‘ਇਸਲਾਮ ਦੇ ਨਾਂ ’ਤੇ ਜੋ ਤੂਫਾਨ ਅਯੁੱਧਿਆ ਤਕ ਪਹੁੰਚਿਆ ਸੀ, ਉਹ ਸਭ ਕੁਝ ਤਬਾਹ ਹੋ ਗਿਆ। ਇਸ ਜੰਗ ’ਚ ਅਰਬ ਅਤੇ ਈਰਾਨ ਦੇ ਹਰ ਘਰ ਦਾ ਚਿਰਾਗ ਬੁਝਿਆ, ਇਹੀ ਕਾਰਨ ਹੈ ਕਿ 200 ਸਾਲਾਂ ਤਕ ਵਿਦੇਸ਼ੀ ਅਤੇ ਨਾਸਤਿਕ ਭਾਰਤ ’ਤੇ ਹਮਲਾ ਕਰਨ ਦਾ ਮਨ ਨਾ ਬਣਾ ਸਕੇ।’’

ਸਪੱਸ਼ਟ ਹੈ ਕਿ ਸੰਗਠਿਤ ਹਿੰਦੂ ਸਮਾਜ ਆਪਣੇ ਸਨਾਤਨ ਸੱਭਿਆਚਾਰ ਦੀ ਰੱਖਿਆ ਲਈ ਉਸ ਸਮੇਂ ਵਿਦੇਸ਼ੀ ਇਸਲਾਮੀ ਸ਼ਕਤੀਆਂ ਨੂੰ ਸਖਤ ਚੁਣੌਤੀ ਦੇ ਰਿਹਾ ਸੀ। ਲਗਭਗ 958 ਸਾਲ ਉਪਰੰਤ ਪੀੜ੍ਹੀਆਂ ਦੇ ਸੰਘਰਸ਼ ’ਚ ਤਪੇ ਹਿੰਦੂਆਂ ਦੀ ਦੁਖੀ ਹੋਈ ਭਾਵਨਾ ਇਕਦਮ ਭੜਕ ਉੱਠੀ ਅਤੇ ਕਾਰ ਸੇਵਕਾਂ ਨੇ 6 ਦਸੰਬਰ 1992 ਨੂੰ ਕਲੰਕਰੂਪੀ ਇਮਾਰਤ ਨੂੰ ਡੇਗ ਦਿੱਤਾ।

ਆਜ਼ਾਦੀ ਦੇ ਬਾਅਦ ਤੋਂ ਭਾਰਤ ’ਚ ਗੁਲਾਮ ਪ੍ਰਤੀਕਾਂ ਦਾ ਵਿਰੋਧ ਹੁੰਦਾ ਰਿਹਾ। ਸੰਨ 1947 ’ਚ ਆਜ਼ਾਦੀ ਉਪਰੰਤ ਭਾਰਤੀ ਸੱਤਾ ਗਲਿਆਰੇ ਨੇ ਉਨ੍ਹਾਂ ਮੂਰਤੀਆਂ, ਨੀਤੀਆਂ ਅਤੇ ਯੋਜਨਾਵਾਂ ਦਾ ਬਾਈਕਾਟ ਕੀਤਾ, ਜੋ ਬਰਤਾਨਵੀ ਅਧੀਨਤਾ ਦੀਆਂ ਅਤੀਤ ਸਨ। ਇਸੇ ਲੜੀ ’ਚ ਬਸਤੀਵਾਦੀ ਗੁਲਾਮੀ ਦੀ ਪਛਾਣ ਕਿੰਗ ਜਾਰਜ (ਪੰਜਵੇਂ) ਦੀ ਮੂਰਤੀ ਸਮੇਤ ਕਈ ਬੁੱਤਾਂ ਨੂੰ 1960 ਦੇ ਦਹਾਕੇ ’ਚ ਉਨ੍ਹਾਂ ਦੇ ਮੂਲ ਸਥਾਨ ਤੋਂ ਹਟਾ ਕੇ ਤਤਕਾਲੀਨ ਸਰਕਾਰ ਵਲੋਂ ਦਿੱਲੀ ’ਚ ਬੁਰਾੜੀ ਸਥਿਤ ਕਾਰੋਨੇਸ਼ਨ ਪਾਰਕ ’ਚ ਤਬਦੀਲ ਕੀਤਾ ਗਿਆ ਸੀ। ਜੇਕਰ ਇਹ ਗੁਲਾਮੀ ਦੇ ਪ੍ਰਤੀਕ ਕਿੰਗ ਜਾਰਜ ਦੀ ਤਸਵੀਰ ਤਤਕਾਲੀਨ ਭਾਰਤੀ ਸੱਤਾ ਗਲਿਆਰੇ ਤੋਂ ਸਹਿਣ ਨਹੀਂ ਹੋਈ ਤਾਂ ਅਯੁੱਧਿਆ ’ਚ 16ਵੀਂ ਸ਼ਤਾਬਦੀ ’ਚ ਭਾਰਤੀ ਸੱਭਿਆਚਾਰ ਦੇ ਪ੍ਰਤੀਬਿੰਬ ਰਾਮ ਮੰਦਿਰ ਨੂੰ ਤੋੜ ਕੇ ਬਣਾਈ ਗਈ ਨਿਰਾਦਰ ਰੂਪੀ ਇਸਲਾਮੀ ਯਾਦਗਾਰ ਨੂੰ ਲੈ ਕੇ ਅਜਿਹਾ ਵਿਰੋਧਾਭਾਸ ਕਿਉਂ ਸੀ।

ਅਖੌਤੀ ਪ੍ਰਗਤੀਸ਼ੀਲ ਅਤੇ ਉਦਾਰਵਾਦੀ ਅਕਸਰ ਅਯੁੱਧਿਆ ’ਚ ਰਾਮ ਮੰਦਿਰ ਦੀ ਉਸਾਰੀ ’ਚ ਵਰਤੀ ਜਾਣ ਵਾਲੀ ਭੂਮੀ ’ਤੇ ਅਲਾਟ ਕੀਤੇ ਧਨ ਨਾਲ ਹਸਪਤਾਲ, ਯੂਨੀਵਰਸਿਟੀ ਅਤੇ ਜਨਤਕ ਟਾਇਲਟ ਬਣਵਾਉਣ ਦਾ ਸੁਝਾਅ ਦਿੰਦੇ ਹਨ। ਕੀ ਕਾਰਨ ਹੈ ਕਿ ਇਸ ਵਰਗ ਦਾ ਇਹ ਸੁਝਾਅ ਕਿਸੇ ਸਿਨੇਮਾਘਰ, ਸ਼ਰਾਬਖਾਨੇ, ਮਾਲ ਜਾਂ ਰੈਸਟੋਰੈਂਟ ਦੇ ਸਬੰਧ ’ਚ ਕਿਉਂ ਨਹੀਂ ਆਉਂਦਾ। ਕੀ ਇਹ ਤਰਕ ਸਿਰਫ ਹਿੰਦੂ ਮੰਦਿਰ ਲਈ ਹੀ ਹੋਣਾ ਚਾਹੀਦਾ ਹੈ। ਚਰਚ, ਮਸਜਿਦ ਆਦਿ ਧਾਰਮਿਕ ਸਥਾਨ ਇਸ ਤਰਕ ਦੀ ਸ਼੍ਰੇਣੀ ’ਚ ਕਿਉਂ ਨਹੀਂ ਆਉਂਦੇ। ਸੱਚ ਤਾਂ ਇਹ ਹੈ ਕਿ ਹਿੰਦੂ ਮੰਦਿਰ ਦੇ ਸਥਾਨ ’ਤੇ ਸਕੂਲ-ਕਾਲਜ ਆਦਿ ਖੋਲ੍ਹਣ ਦੀ ਗੱਲ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਆਰੰਭਿਕ ਮਹਾਵਿਸ਼ਵਵਿਦਿਆਲੇ-ਨਾਲੰਦਾ ਵਿਸ਼ਵਵਿਦਿਆਲਾ ਦੇ ਹਸ਼ਰ ’ਤੇ ਆਪਣੀ ਲੋੜ ਅਨੁਸਾਰ ਚੁੱਪ ਧਾਰ ਲੈਂਦੇ ਹਨ। ਇਸ ਪ੍ਰਾਚੀਨ ਵਿੱਦਿਅਕ ਅਦਾਰੇ ਨੂੰ ਭਾਰਤ ਪਹੁੰਚੇ ਇਸਲਾਮੀ ਹਮਲਾਵਰ ਬਖਤਿਆਰ ਖਿਲਜੀ ਨੇ ਸੰਨ 1193 ’ਚ ਜ਼ਮੀਨਦੋਜ਼ ਕਰ ਦਿੱਤਾ ਸੀ।

ਗੁਲਾਮੀ ਅਤੇ ਮਨੁੱਖਤਾ ਵਿਰੋਧੀ ਇਕ ਵਿਸ਼ਵ ਪੱਧਰੀ ਇਤਿਹਾਸ ਰਿਹਾ ਹੈ। 1614-1915 ਦੇ ਦੌਰ ’ਚ ਪੋਲੈਂਡ ’ਤੇ ਰੂਸੀਆਂ ਦਾ ਕਬਜ਼ਾ ਸੀ, ਜਿਥੇ ਵਾਰਸਾ ਸਥਿਤ ਰੂਸੀਆਂ ਨੇ ਚਰਚ ਦੀ ਸਥਾਪਨਾ ਕੀਤੀ ਸੀ। ਸੰਨ 1918 ’ਚ ਆਜ਼ਾਦੀ ਉਪਰੰਤ ਪੋਲੈਂਡ ਸਰਕਾਰ ਨੇ ਇਸ ਚਰਚ ਨੂੰ ਡੇਗ ਦਿੱਤਾ। ਬਕੌਲ ਬਰਤਾਨਵੀ ਇਤਿਹਾਸਕਾਰ ਸਵ. ਆਰਨੋਲਡ ਜੋਸੇਫ ਟਾਇਨਬੀ, ‘‘ਰੂਸ ਵਲੋਂ ਵਾਰਸਾ ’ਚ ਬਣਾਇਆ ਗਿਆ ਚਰਚ ਆਸਥਾ ਜਾਂ ਮਜ਼੍ਹਬ ਨਾ ਹੋ ਕੇ ਅਸ਼ੁੱਧ ਤੌਰ ’ਤੇ ਸਿਆਸੀ ਅਤੇ ਪੋਲੈਂਡ ਵਾਸੀਆਂ ਦਾ ਨਿਰਾਦਰ ਕਰਨ ਤੋਂ ਪ੍ਰੇਰਿਤ ਸੀ।’’

ਸਪੱਸ਼ਟ ਹੈ ਕਿ ਬਾਬਰੀ ਢਾਂਚਾ ਵੀ ਭਾਰਤ ਦੇ ਬਹੁਲਤਾਵਾਦੀ ਸਨਾਤਨ ਸੱਭਿਆਚਾਰ ਦੇ ਪੱਲੇ ’ਤੇ ਲੱਗਾ ਅਜਿਹਾ ਹੀ ਬਦਨੁਮਾ ਦਾਗ ਸੀ, ਜਿਸਦਾ ਆਜ਼ਾਦ ਰਾਸ਼ਟਰ ’ਚ ਕੋਈ ਸਥਾਨ ਨਹੀਂ। ਆਜ਼ਾਦੀ ਮਿਲਣ ਤੋਂ ਤੁਰੰਤ ਬਾਅਦ ਇਤਿਹਾਸਕ ਬੇਇਨਸਾਫੀ ਦੇ ਤੋਲਣ ਦੀ ਸ਼ੁਰੂਆਤ ਤਾਂ ਹੋਈ ਪਰ ਤਰਕ ਦੇ ਸਿੱਟੇ ’ਤੇ ਨਹੀਂ ਪਹੰੁਚੀ। ਕਿਉਂ?