ਕੋਲਕਾਤਾ- ਪੱਛਮੀ ਬੰਗਾਲ ਵਿਚ ਭਾਜਪਾ ਨੇਤਾ ਦੀਬੇਂਦਰ ਨਾਥ ਰਾਏ ਦੀ ਮੌਤ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਇਕ ਹੋਰ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਰਾਏ ਦੀ ਲਾਸ਼ 13 ਜੁਲਾਈ ਨੂੰ ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿਚ ਉਨ੍ਹਾਂ ਦੇ ਘਰ ਨੇੜਿਓਂ ਮਿਲੀ ਸੀ। ਇਸ ਸਬੰਧ ਵਿਚ ਪੁਲਸ ਮੁਖੀ ਆਲੋਕ ਰਾਜੋਰੀਓ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ ਹੇਮਤਾਬਾਦ ਤੋਂ ਵਿਧਾਇਕ ਰਾਏ ਦੇ ਕਥਿਤ ਸੁਸਾਈਡ ਨੋਟ ਵਿਚ ਸੀ। ਉਸ ਨੂੰ ਸ਼ੁੱਕਰਵਾਰ ਮਾਲਦਾ ਜ਼ਿਲ੍ਹੇ ਦੇ ਬਬਲਾ ਕਮਲਪੁਰ ਇਲਾਕੇ ਤੋਂ ਫੜਿਆ ਗਿਆ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਝਾਰਖੰਡ ਭੱਜਣ ਦੀ ਤਿਆਰੀ ਵਿਚ ਸੀ ਤੇ ਉਸ ਨੂੰ ਫੜ ਲਿਆ ਗਿਆ। ਇਸ ਤੋਂ ਪਹਿਲਾਂ ਪੁਲਸ ਨੇ ਮਾਲਦਾ ਜ਼ਿਲ੍ਹੇ ਤੋਂ ਇਕ ਵਿਅਕਤੀ ਨੂੰ ਇਸ ਮਾਮਲੇ ਵਿਚ ਹਿਰਾਸਤ ਵਿਚ ਲਿਆ ਸੀ। ਕਥਿਤ ਸੁਸਾਇਡ ਨੋਟ ਵਿਚ ਉਸ ਦਾ ਨਾਂ ਵੀ ਸ਼ਾਮਲ ਸੀ।