ਨਵੀਂ ਦਿੱਲੀ - ਭਾਰਤ ਅਤੇ ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਇਸ ਵਾਰ ਰਾਹੁਲ ਗਾਂਧੀ ਨੇ ਦਸਤਾਵੇਜ਼ ਗਾਇਬ ਹੋਣ ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਦੋਂ-ਜਦੋਂ ਦੇਸ਼ ਭਾਵੁਕ ਹੋਇਆ ਹੈ, ਫਾਇਲਾਂ ਗਾਇਬ ਹੋਈਆਂ ਹਨ।

ਚੀਨ ਮੁੱਦੇ 'ਤੇ ਰਾਹੁਲ ਗਾਂਧੀ ਲਗਾਤਾਰ ਸਰਕਾਰ ਤੋਂ ਸਵਾਲ ਪੁੱਛਦੇ ਰਹੇ ਹਨ। ਹੁਣ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਜਦੋਂ-ਜਦੋਂ ਦੇਸ਼ ਭਾਵੁਕ ਹੋਇਆ, ਫਾਇਲਾਂ ਗਾਇਬ ਹੋਈਆਂ। ਮਾਲਿਆ ਹੋਵੇ ਜਾਂ ਰਾਫੇਲ, ਮੋਦੀ ਜਾਂ ਚੋਕਸੀ... ਗੁਮਸ਼ੁਦਾ ਸੂਚੀ 'ਚ ਲੇਟੇਸਟ ਹਨ ਚੀਨੀ ਉਲੰਘਣ ਵਾਲੇ ਦਸਤਾਵੇਜ। ਇਹ ਸੰਜੋਗ ਨਹੀਂ, ਮੋਦੀ ਸਰਕਾਰ ਦਾ ਲੋਕਤੰਤਰ-ਵਿਰੋਧੀ ਪ੍ਰਯੋਗ ਹੈ।

ਵਾਇਨਾਡ ਤੋਂ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਹੁਣ ਚੀਨ ਨਾਲ ਜੁੜੇ ਦਸਤਾਵੇਜ਼ਾਂ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਦਰਅਸਲ, ਹਾਲ ਹੀ 'ਚ ਰੱਖਿਆ ਮੰਤਰਾਲਾ  ਦੇ ਦਸਤਾਵੇਜ਼ ਨੂੰ ਲੈ ਕੇ ਕਾਫ਼ੀ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਵਿਵਾਦ ਕਾਰਨ ਇਨ੍ਹਾਂ ਦਸਤਾਵੇਜ਼ਾਂ ਨੂੰ ਮੰਤਰਾਲਾ ਦੀ ਵੈਬਸਾਈਟ ਤੋਂ ਹਟਾ ਲਿਆ ਗਿਆ।

ਮਾਲਿਆ ਨਾਲ ਜੁੜੇ ਦਸਤਾਵੇਜ਼ ਗਾਇਬ
ਦੂਜੇ ਪਾਸੇ ਹਾਲ ਹੀ 'ਚ ਸੁਪਰੀਮ ਕੋਰਟ 'ਚ ਵਕੀਲ ਨੇ ਕਿਹਾ ਸੀ ਕਿ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਫਾਇਲ ਨਾਲ ਜੁੜੇ ਕੁੱਝ ਦਸਤਾਵੇਜ਼ ਉਪਲੱਬਧ ਨਹੀਂ ਹਨ। ਵਿਜੇ ਮਾਲਿਆ ਦੇ ਕੇਸ ਨਾਲ ਜੁੜੇ ਅਹਿਮ ਦਸਤਾਵੇਜ਼ ਫਾਇਲ 'ਚੋਂ ਗਾਇਬ ਹੋਣ ਕਾਰਨ ਸੁਪਰੀਮ ਕੋਰਟ ਨੂੰ ਸੁਣਵਾਈ ਮੁਅੱਤਲ ਕਰਨੀ ਪਈ ਸੀ। ਹੁਣ ਮਾਮਲੇ 'ਚ ਸੁਣਵਾਈ 20 ਅਗਸਤ ਨੂੰ ਹੋਵੇਗੀ।