ਬਠਿੰਡਾ, (ਵਰਮਾ)- ਬਠਿੰਡਾ-ਭੁੱਚੋ ਹਾਈਵੇ ਰੋਡ ’ਤੇ ਥਾਣਾ ਕੈਂਟ ਨੇੜੇ ਪਿਕਅਪ ਨੇ ਮੋਟਰਸਾਈਕਲ ਸਵਾਰ ਦੇ ਪਿਓ-ਧੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਸਿੱਟੇ ਵਜੋਂ ਦੋਵਾਂ ਦੀ ਮੌਤ ਹੋ ਗਈ। ਜਦੋਂ ਸਹਾਰਾ ਹੈੱਡਕੁਆਟਰ ਵਿਖੇ ਹਾਦਸੇ ਦੀ ਸੂਚਨਾ ਮਿਲੀ ਤਾਂ ਸਹਾਰਾ ਪਬਲਿਕ ਸਰਵਿਸ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੀ ਹੈਲਪਲਾਈਨ ਟੀਮ, ਵਾਲੰਟੀਅਰ ਵਿੱਕੀ ਕੁਮਾਰ, ਸਿਮਰ ਗਿੱਲ, ਮਨੀਕਰਨ ਸ਼ਰਮਾ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਤਾਂ ਪਿਓ-ਧੀ ਬੁਰੀ ਤਰ੍ਹਾਂ ਕੁਚਲੇ ਗਏ ਸਨ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਭੇਜ ਦਿੱਤਾ। ਮ੍ਰਿਤਕ ਪਿਤਾ ਅਤੇ ਧੀ ਪਿੰਡ ਦੇ ਲਹਿਰਾ ਬੇਗਾ ’ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਕੇ ਵਾਪਸ ਮਹਿਮਾ ਭਗਵਾਨਾ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਕਾਲਾ ਸਿੰਘ (54) ਪੁੱਤਰ ਗੁਲਾਬ ਸਿੰਘ ਅਤੇ ਅਮਨਦੀਪ ਕੌਰ (17) ਪੁੱਤਰੀ ਕਾਲਾ ਸਿੰਘ ਵਾਸੀ ਮਹਿਮਾ ਭਗਵਾਨਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਿਕਅਪ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।