ਨਵੀਂ ਦਿੱਲੀ (ਭਾਸ਼ਾ)— ਕੋਝੀਕੋਡ ਜਹਾਜ਼ ਹਾਦਸੇ ਦੀ ਜਾਂਚ ਬਿਊਰੋ ਦੇ ਮੁਖੀ ਅਰਬਿੰਦੋ ਹਾਂਡਾ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਹਾਦਸੇ ਦੀ ਜਾਂਚ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਘਟਨਾ ਦੇ ਕਾਰਨ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ। ਹਾਦਸੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਜਹਾਜ਼ ਹਾਦਸਾ ਅਤੇ ਘਟਨਾ ਦੀ ਜਾਂਚ ਨਿਯਮ 2017 ਅਤੇ ਕੌਮਾਂਤਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ. ਸੀ. ਏ. ਓ.) ਅਟੈਚਮੈਂਟओ13 ਤਹਿਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗਲਵਾਰ ਰਾਤ ਨੂੰ ਈ-ਮੇਲ ਜ਼ਰੀਏ ਦਿੱਤੇ ਗਏ ਇੰਟਰਵਿਊ ਵਿਚ ਕਿਹਾ ਕਿ ਜਾਂਚ ਦਾ ਉਦੇਸ਼ ਹਾਦਸਿਆਂ ਨੂੰ ਰੋਕਣਾ ਹੈ, ਇਸ ਲਈ ਸਾਰੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਹਾਦਸੇ ਦੇ ਕਾਰਨਾਂ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ। 

ਦੱਸ ਦੇਈਏ ਕਿ ਅਰਬਿੰਦੋ ਹਾਂਡਾ ਏ. ਏ. ਆਈ. ਬੀ. ਦੇ ਜਨਰਲ ਡਾਇਰੈਕਟਰ ਹਨ। ਕੌਮਾਂਤਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ. ਸੀ. ਈ. ਓ.) ਦੇ ਅਟੈਚਮੈਂਟ-13 ਵਿਚ ਜਹਾਜ਼ ਹਾਦਸਾ ਅਤੇ ਘਟਨਾ ਦੀ ਜਾਂਚ 'ਤੇ ਕੌਮਾਂਤਰੀ ਮਾਪਦੰਡ ਅਤੇ ਸੁਝਾਏ ਗਏ ਤਰੀਕੇ ਸ਼ਾਮਲ ਹਨ। ਹਾਦਸਾਗ੍ਰਸਤ ਹੋਏ ਜਹਾਜ਼ ਦਾ ਡਿਜ਼ੀਟਲ ਫਲਾਈਟ ਡਾਟਾ ਰਿਕਾਰਡ ਅਤੇ ਕਾਕਪਿਟ ਵਾਇਸ ਰਿਕਾਰਡ ਤਲਾਸ਼ ਕਰ ਲਿਆ ਗਿਆ ਹੈ। ਇਹ ਪੁੱਛੇ ਜਾਣ 'ਤੇ ਕਿ ਸ਼ੁਰੂਆਤੀ ਰਿਪੋਰਟ ਸਰਕਾਰ ਨੂੰ ਕਦੋਂ ਤੱਕ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਹਾਂਡਾ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਬੀ-737 ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਸਬੂਤ ਇਕੱਠੇ ਕਰਨ ਦਾ ਕੰਮ ਜਾਰੀ ਹੈ। 

ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਕੇਰਲ ਦੇ ਕੋਝੀਕੋਡ ਵਿਚ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਇਹ ਜਹਾਜ਼ ਦੁਬਈ ਤੋਂ ਕੋਝੀਕੋਡ ਆਇਆ ਸੀ ਅਤੇ ਭਾਰੀ ਮੀਂਹ ਕਾਰਨ ਤਿਲਕਣ ਦੀ ਵਜ੍ਹਾ ਕਰ ਕੇ ਫਿਸਲ ਨੇ 35 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ ਸੀ, ਜਿਸ ਕਾਰਨ ਜਹਾਜ਼ ਦੇ ਦੋ ਟੋਟੋ ਹੋ ਗਏ ਸਨ। ਜ਼ਖਮੀ ਯਾਤਰੀਆਂ ਦਾ ਕੋਝੀਕੋਡ ਅਤੇ ਹੋਰ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। 56 ਯਾਤਰੀਆਂ ਨੂੰ ਇਲਾਜ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ।