ਅੰਮ੍ਰਿਤਸਰ (ਅਨਜਾਣ): ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਕੋਵਿਡ-19 ਨੂੰ ਜਿਸ ਤਰੀਕੇ ਨਾਲ ਕਾਬੂ ਕੀਤਾ ਹੈ ਉਹ ਸਾਰੀ ਦੁਨੀਆ ਲਈ ਮਿਸਾਲ ਹੈ ਤੇ ਪੰਜਾਬ ਦੀ ਕਾਂਗਰਸ ਸਰਕਾਰ ਦਿੱਲੀ ਤੋਂ ਕੁਝ ਸਿੱਖੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਸ਼ਹਿਰੀ ਤੇ ਸੀਨੀਅਰ ਯੂਥ ਆਗੂ ਦੀਕਸ਼ਿਤ ਧਵਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਧਵਨ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਕੇਜਰੀਵਾਲ ਸਰਕਾਰ ਬਾਰੇ ਪੁੱਠੇ-ਸਿੱਧੇ ਬਿਆਨ ਦੇਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰਨ।

ਇਸ ਸਮੇਂ ਸਾਰਿਆਂ ਸੂਬਿਆਂ ਤੋਂ ਜ਼ਿਆਦਾ ਪੰਜਾਬ ਵਿੱਚ ਕੋਵਿਡ-19 ਦਾ ਪ੍ਰਕੋਪ ਹੈ ਤੇ ਸਭ ਤੋਂ ਜ਼ਿਆਦਾ ਮਾਰ ਗੁਰੂ ਨਗਰੀ ਅੰਮ੍ਰਿਤਸਰ ਨੂੰ ਝੱਲਣੀ ਪੈ ਰਹੀ ਹੈ। ਪੰਜਾਬ ਦੀ ਸਥਿੱਤੀ ਦਿਨੋ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਤੇ ਕੈਪਟਨ ਸਰਕਾਰ ਇਸ ਨੂੰ ਸੰਭਾਲਣ ਵਿੱਚ ਅਸਫ਼ਲ ਰਹੀ ਹੈ। ਧਵਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲੋਂ ਕੋਰੋਨਾ 'ਤੇ ਕੰਟਰੋਲ ਨਹੀਂ ਹੁੰਦਾ ਤਾਂ ਉਹ ਦਿੱਲੀ ਦੀ ਸਰਕਾਰ ਕੋਲੋਂ ਸਲਾਹ ਲੈ ਸਕਦੀ ਹੈ। ਪੰਜਾਬ ਵਿੱਚ ਨਾ ਤਾਂ ਕੋਰੋਨਾ ਦਾ ਇਲਾਜ ਕਰਨ ਵਾਲੇ ਪੂਰੇ ਡਾਕਟਰਾਂ ਕੋਲ ਕਿੱਟਾਂ, ਮਾਸਕ ਤੇ ਸੈਨੀਟਾਈਜ਼ਰ ਨੇ ਤੇ ਨਾ ਹੀ ਕੋਰੋਨਾ ਮਹਾਂਮਾਰੀ ਦੌਰਾਨ ਕਿਸੇ ਗਰੀਬ ਨੂੰ ਇਮਾਨਦਾਰੀ ਨਾਲ ਰਾਸ਼ਨ ਵੰਡਿਆ ਗਿਆ ਹੈ। ਪੰਜਾਬ ਦੇ ਲੋਕਾਂ ਦੀ ਹਾਲਤ ਭੁੱਖਮਰੀ ਤੱਕ ਪਹੁੰਚ ਗਈ ਹੈ। ਇਕ ਪਾਸੇ ਨਿੱਜੀ ਹਸਤਪਾਲ ਤੇ ਦੂਸਰੇ ਪਾਸੇ ਨਿੱਜੀ ਸਕੂਲ ਪੰਜਾਬ ਦੇ ਲੋਕਾਂ ਨੂੰ ਦੋ-ਦੋ ਹੱਥੀ ਲੁੱਟ ਰਹੇ ਨੇ ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ।