ਗੜ੍ਹਸ਼ੰਕਰ : ਗੜ੍ਹਸ਼ੰਕਰ ਵਿਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਰੋਸ ਮਾਰਚ ਕੱਢ ਕੇ ਬੰਗਾ ਚੌਂਕ ਗੜ੍ਹਸ਼ੰਕਰ ਵਿਖੇ ਭਾਜਪਾ ਵਲੋਂ ਪਾਸ ਕੀਤੇ ਨਵੇਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਨ੍ਹਾਂ ਭਾਜਪਾ ਅਤੇ ਉਸ ਦੇ ਸਹਿਯੋਗੀ ਪਾਰਟੀ ਅਕਾਲੀ ਦਲ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਧਰਨੇ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਮਾਰੂ ਅਤੇ ਪੰਜਾਬ ਮਾਰੂ ਕਰਾਰ ਦਿੱਤਾ। ਇਸ ਧਰਨੇ ਵਿਚ ਆਏ ਲੋਕਾਂ ਨੂੰ ਸੰਬੰਧਤ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਿਸਾਨ ਮਾਰੂ ਬਿੱਲ ਪਾਸ ਕਰਵਾਉਣ ਦਾ ਜੇਕਰ ਅਕਾਲੀ ਦਲ ਸੱਚਮੁੱਚ ਵਿਰੋਧ ਕਰਦਾ ਤਾਂ ਗਠਜੋੜ ਤੋੜ ਚੁੱਕਾ ਹੁੰਦਾ ਪਰ ਇਸ ਗਠਜੋੜ ਨੂੰ ਨਾ ਤੋੜਨਾ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਨੇ ਆਪ ਨਾਲ ਹੋ ਕੇ ਭਾਜਪਾ ਪਾਸੋਂ ਕਿਸਾਨਾਂ ਦੇ ਹੱਕਾਂ ਦਾ ਕਤਲ ਕਰਵਾਇਆ ਹੈ। ਜਦੋਂ ਤਕ ਸੰਸਦ ਵਿਚ ਬਿੱਲ ਨਹੀਂ ਆਇਆ ਅਕਾਲੀ ਦਲ ਚੁੱਪ ਵੱਟੀ ਬੈਠਾ ਰਿਹਾ ਅਤੇ ਅਖੀਰੀ ਮੌਕੇ ਆ ਕੇ ਸੰਸਦ ਵਿਚ ਜੋ ਡਰਾਮੇਬਾਜ਼ੀ ਕੀਤੀ ਉਹ ਆਪਣੇ ਆਪ ਵਿਚ ਚੀਚੀ ਨੂੰ ਲਹੂ ਲਗਾ ਕੇ ਸ਼ਹੀਦ ਅਖਵਾਉਣ ਵਾਲੀ ਗੱਲ ਹੈ। 

ਨਿਮਿਸ਼ਾ ਨੇ ਕਿਹਾ ਕਿ ਬੀਬੀ ਬਾਦਲ ਦਾ ਕੇਂਦਰੀ ਕੈਬਨਿਟ ’ਚੋਂ ਅਸਤੀਫ਼ਾ ਮਹਿਜ਼ ਇਕ ਸਿਆਸੀ ਸੰਟਟ ਹੈ ਜੇਕਰ ਬੀਬੀ ਬਾਦਲ ਇਸ ਗੱਲ ਦੇ ਵਿਰੋਧੀ ਹੁੰਦੇ ਤਾਂ ਸੰਸਦ ਵਿਚ ਜ਼ੋਰ-ਸ਼ੋਰ ਨਾਲ ਇਸ ਦੀ ਮੁਖ਼ਾਲਫਤ ਕਰਦੇ ਪਰ ਬੀਬੀ ਬਾਦਲ ਨੇ ਤਾਂ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਸੰਸਦ ਵਿਚ ਚੂੰ ਤਕ ਨਹੀਂ ਕਰ ਸਕੇ। ਹੋਰ ਤਾਂ ਹੋਰ ਬੀਬੀ ਬਾਦਲ ਵਲੋਂ ਇਨ੍ਹਾਂ ਆਰਡੀਨੈਂਸਾਂ ਦੇ ਸੰਬੰਧੀ ਜਾਰੀ ਕੀਤੇ ਗਏ ਵੀਡੀਓ ਇਸ ਗੱਲ ਦਾ ਸਬੂਤ ਹਨ ਕਿ ਬੀਬੀ ਬਾਦਲ ਇਸ ਕਾਨੂੰਨ ਖ਼ਿਲਾਫ਼ ਨਹੀਂ ਕਿਉਂਕਿ ਉਨ੍ਹਾਂ ਆਪਣੇ ਹਰ ਵੀਡੀਓ ਵਿਚ ਇਸ ਕਾਨੂੰਨ ਨੂੰ ਕਿਸਾਨ ਵਿਰੋਧੀ ਨਹੀਂ ਦੱਸਿਆ ਸਗੋਂ ਇਹ ਕਿਹਾ ਕਿ ਇਹ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਸਮਝ ਨਹੀਂ ਆਇਆ। 

ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਕਿਸਾਨਾਂ ਦਾ ਹਿਮਾਇਤੀ ਹੁੰਦਾ ਤਾਂ ਹੁਣ ਤਕ ਭਾਜਪਾ ਨੇਤਾਵਾਂ ਦੇ ਘਰਾਂ ਨੂੰ ਘੇਰ ਰਿਹਾ ਹੁੰਦਾ ਪਰ ਇਸ ਦੇ ਉਲਟ ਇਨ੍ਹਾਂ ਦੀ ਸਮੁੱਚੀ ਲੀਡਰਸ਼ਿਪ ਅਤੇ ਵਿਸ਼ੇਸ਼ ਤੌਰ ’ਤੇ ਬੀਬੀ ਬਾਦਲ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਸ ਦੇ ਵਰਕਰ ਇਸ ਕਿਸਾਨ ਮਾਰੂ ਕਾਨੂੰਨ ਦੇ ਵਿਰੋਧ ਵਿਚ ਹਰ ਸੰਘਰਸ਼ ਕਰਨਗੇ ਅਤੇ ਕਿਸਾਨਾਂ ਦੇ ਹੱਕਾਂ ਹਿੱਤਾਂ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ। 

ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਮਾਸਟਰ ਸਰਵਣ ਰਾਮ, ਆਰ. ਪੀ. ਸੋਨੀ, ਅਮਨਦੀਪ ਬੈਂਸ, ਧਰਮਿੰਦਰ ਸਹੋਤਾ, ਦਲਵਿੰਦਰ ਮੇਘੋਵਾਲ, ਪਾਲੀ ਜੱਸੋਵਾਲ, ਸੁਖਵਿੰਦਰ ਦਦਿਆਲ, ਵਿੱਕੀ ਜੋਸ਼ੀ ਸੈਲਾ, ਪੀਟਾ ਬਿਲੜੋ, ਚੌਧਰੀ ਕਰਮਚੰਦ, ਹਰਮੰਦਰ ਸਿੰਘ, ਸੰਘਾ ਲੰਘੇਰੀ, ਰਣਜੀਤ ਡਘਾਮ, ਰੇਸ਼ਮ ਚੱਕਪੁਰੂ, ਰਣਵੀਰ ਪਾਲਦੀਪ, ਸੁੱਚਾ ਸਿੰਘ ਕੁੱਕੜਮਜਾਰਾ, ਕਸ਼ਮੀਰ ਸਿੰਘ ਰੁੜਕੀਖਾਸ, ਮਹਿੰਦਰ ਪੁਰਖੋਵਾਲ, ਦੇਵ ਹਾਜੀਪੁਰ, ਅਜਮੇਰ ਰਾਣਾ ਮਲਕੋਵਾਲ, ਜੋਗਿੰਦਰ ਗੱਦੀਵਾਲ, ਦੀਪਾ ਮਹਿਰਾ, ਫੌਜੀ ਬਿਰਮਪੁਰ, ਸੋਹਣ ਸਿੰਘ ਬੀੜਾਂ ਅਤੇ ਹੋਰ ਵੱਡੀ ਕਾਂਗਰਸੀ ਵਰਕਰਾਂ ਸਣੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।