ਜਲੰਧਰ- ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ 28 ਸਤੰਬਰ ਦਿਨ ਸੋਮਵਾਰ ਨੂੰ ਕਿਸਾਨਾਂ ਸਮੇਤ ਕਈ ਪੰਜਾਬੀ ਕਲਾਕਾਰ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ 'ਤੇ ਬਟਾਲਾ ਵਿਖੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਹੋਰ ਵੀ ਕਲਾਕਾਰ ਇਸ ਧਰਨੇ 'ਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਨਾਲ ਹੀ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਧਰਨੇ 'ਚ ਪੁੱਜਣ ਤੇ ਇਸ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ। 
ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਪੋਸਟ 'ਚ ਲਿਖਿਆ ਕਿ 28 ਸਤੰਬਰ ਦਿਨ ਸੋਮਵਾਰ ਨੂੰ “ਬਟਾਲਾ” ਵਿਖੇ ਰੋਸ ਪ੍ਰਦਰਸ਼ਨ  ਕਰਾਂਗੇ| ਇਹ ਸ਼ਾਂਤਮਈ ਧਰਨਾਂ “ਸ਼ਹੀਦ ਏ ਆਜ਼ਮ ਭਗਤ ਸਿੰਘ” ਦੇ ਜਨਮ ਦਿਵਸ ਤੇ , ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਲਗਾਇਆ ਜਾਵੇਗਾ। ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋਣਗੇ। ਗੁਰਦਾਸਪੁਰ, ਅੰਮ੍ਰਿਤਸਰ ਵਾਲੇ ਵੀਰ ਜ਼ਰੂਰ ਪਹੁੰਚਣ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।