ਟੋਰਾਂਟੋ- ਅਮਰੀਕਾ ਵਲੋਂ ਅਪਣਾਏ ਗਏ ਨਵੇਂ ਮਾਡਲਿੰਗ ਸਿਸਟਮ, ਜਿਸ ਨੇ ਕਿ ਅਮਰੀਕਾ ਵਿਚ ਕੋਰੋਨਾ ਕਾਰਣ ਮੌਤਾਂ ਦਾ ਸਹੀ ਮੁਲਾਂਕਣ ਕੀਤਾ ਸੀ, ਮੁਤਾਬਕ ਜੇਕਰ ਕੈਨੇਡਾ ਵਿਚ ਮੌਜੂਦਾ ਸਮੇਂ ਵਿਚ ਅਪਣਾਏ ਜਾਣ ਵਾਲੇ ਸੁਰੱਖਿਆ ਉਪਾਵਾਂ ਨੂੰ ਨਾ ਬਦਲਿਆ ਗਿਆ ਤਾਂ ਇਸ ਸਾਲ ਦੇ ਅਖੀਰ ਤੱਕ ਦੇਸ਼ ਵਿਚ ਮਹਾਮਾਰੀ ਕਾਰਣ ਮੌਤਾਂ ਦੀ ਗਿਣਤੀ 16 ਹਜ਼ਾਰ ਤੋਂ ਵਧੇਰੇ ਜਾ ਸਕਦੀ ਹੈ। ਪਰ ਇਸ ਦੌਰਾਨ ਕੈਨੇਡਾ ਦੇ ਇਕ ਮਹਾਮਾਰੀ ਮਾਹਰ ਨੇ ਕਿਹਾ ਕਿ ਕੁਝ ਵੀ ਹੋ ਸਕਦਾ ਹੈ ਪਰ ਅਮਰੀਕੀ ਮਾਡਲ ਨੇ ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਪੂਰੀ ਤਸਵੀਰ ਅਜੇ ਨਹੀਂ ਦੇਖੀ ਹੈ। 

ਵਾਸ਼ਿੰਗਟਨ ਯੂਨੀਵਰਸਿਟੀ ਵਿਖੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਈਵੇਲੂਏਸ਼ਨ (ਆਈ.ਐੱਚ.ਐੱਮ.ਈ.) ਦੇ ਮਾਡਲ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਕੈਨੇਡਾ ਵਿਚ ਮੌਜੂਦਾ ਹਾਲਾਤ ਬਰਕਰਾਰ ਰਹਿੰਦੇ ਹਨ ਤਾਂ 1 ਜਨਵਰੀ ਤੱਕ ਕੈਨੇਡਾ ਵਿਚ ਮੌਤਾਂ ਦੀ ਗਿਣਤੀ 16,214 ਤੱਕ ਹੋ ਸਕਦੀ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਜੇਕਰ ਸਰੀਰਕ ਦੂਰੀ ਜਿਹੇ ਉਪਾਵਾਂ ਵਿਚ ਢਿੱਲ ਵਰਤੀ ਜਾਂਦੀ ਹੈ ਤਾਂ ਇਹ ਗਿਣਤੀ 16,743 ਤੱਕ ਵੀ ਹੋ ਸਕਦੀ ਹੈ। ਇਸ ਦੌਰਾਨ ਟੋਰਾਂਟੋ ਯੂਨੀਵਰਸਿਟੀ ਵਿਚ ਸਹਿਯੋਗੀ ਪ੍ਰੋਫੈਸਰ ਡਯੋਨ ਅਲੇਮਾਨ, ਜੋ ਮਹਾਮਾਰੀ ਦੀ ਭਵਿੱਖਬਾਣੀ ਦੇ ਮਾਡਲਾਂ ਵਿਚ ਮਾਹਰ ਹਨ, ਨੇ ਕਿਹਾ ਕਿ ਆਈ.ਐੱਚ.ਐੱਮ.ਈ. ਮਾਡਲ ਇਕ ਸਰਲ ਸਿਸਟਮ ਹੈ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹਾਲਾਤਾਂ ਦੀ ਸਮੀਖਿਆ ਨਹੀਂ ਕਰਦਾ। ਇਸ ਲਈ ਉਸ ਨੇ ਅਜੇ ਕੈਨੇਡਾ ਦੀ ਪੂਰੀ ਤਸਵੀਰ ਨਹੀਂ ਦੇਖੀ ਹੈ।

ਇਸ ਅਮਰੀਕੀ ਮਾਡਲ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਜਨਤਕ ਥਾਵਾਂ 'ਤੇ ਮਾਸਕ ਦੀ ਵਰਤੋਂ ਨਾਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਰੋਕੀ ਜਾ ਸਕਦੀ ਹੈ ਤੇ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਮਾਡਲ ਵਿਚ ਸਿੰਗਾਪੁਰ ਵੱਲ ਇਸ਼ਾਰਾ ਕਰਦਿਆਂ ਕਿਹਾ ਗਿਆ ਕਿ ਦੇਸ਼ ਵਿਚ ਸਮਾਂ ਰਹਿੰਦੇ ਮਾਸਕ ਤੇ ਹੋਰ ਲੋੜੀਂਦੇ ਸੁਰੱਖਿਆ ਉਪਾਅ ਅਪਣਾਏ ਗਏ ਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਦੇਸ਼ ਵਿਚ ਸਿਰਫ 27 ਜਾਨਾਂ ਗਈਆਂ ਹਨ। ਜੇਕਰ ਕੈਨੇਡਾ ਵੀ ਇਸੇ ਤਰ੍ਹਾਂ ਨਾਲ ਨਿਯਮਾਂ ਨੂੰ ਸਫਲਤਾਪੂਰਵਕ ਲਾਗੂ ਕਰਦਾ ਹੈ ਤਾਂ ਮੌਤਾਂ ਦੀ ਗਿਣਤੀ ਨੂੰ ਘਟਾ ਕੇ 12,053 ਤੱਕ ਰੋਕਿਆ ਜਾ ਸਕਦਾ ਹੈ।

ਹੁਣ ਤੱਕ ਕੈਨੇਡਾ ਵਿਚ ਕੋਵਿਡ-19 ਕਾਰਣ 9,263 ਮੌਤਾਂ ਹੋਈਆਂ ਹਨ ਤੇ ਇਨਫੈਕਟਿਡ ਲੋਕਾਂ ਦੀ ਗਿਣਤੀ 151,589 ਹੋ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਚਿਤਾਵਨੀ ਦਿੱਤੀ ਸੀ ਕਿ ਦੇਸ਼ ਵਿਚ ਵਾਇਰਸ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋ ਰਹੀ ਹੈ। ਇਸ ਮੌਕੇ ਉਨ੍ਹਾਂ ਕੈਨੇਡੀਅਨਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਸੁਰੱਖਿਆ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰਨ।