ਅੰਮ੍ਰਿਤਸਰ, (ਦਲਜੀਤ)- ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਨਿੱਤ ਵਾਧਾ ਹੁੰਦਾ ਜਾ ਰਿਹਾ ਹੈ। ਸ਼ਨੀਵਾਰ 6 ਮਹੀਨਿਆਂ ਦੀ 33 ਸਾਲਾ ਗਰਭਵਤੀ ਔਰਤ ਸਮੇਤ 5 ਮਰੀਜ਼ਾਂ ਦੀ ਜਿੱਥੇ ਮੌਤ ਹੋ ਗਈ, ਉੱਥੇ ਹੀ ਸਰਕਾਰੀ ਮੈਡੀਕਲ ਕਾਲਜ ਦੇ 3 ਡਾਕਟਰਾਂ ਅਤੇ ਬੀ. ਐੱਸ. ਐੱਫ. ਦੇ 7 ਜਵਾਨਾਂ ਸਮੇਤ 139 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜ਼ਿਲੇ ’ਚ ਹੁਣ ਤਕ 352 ਮਰੀਜ਼ਾਂ ਦੀ ਕੋਰੋਨਾ ਕਾਰਣ ਮੌਤ ਹੋ ਚੁੱਕੀ ਹੈ, ਜਦਕਿ 9377 ਮਾਮਲੇ ਸਾਹਮਣੇ ਆ ਚੁੱਕੇ ਹਨ । ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਜ਼ਿਲੇ ’ਚ ਪੈਰ ਪਸਾਰ ਰਹੇ ਹਨ । ਨਿਤ ਮਰੀਜ਼ਾਂ ਦੀ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ’ਚ ਵੀ ਵਾਧਾ ਹੋ ਰਿਹਾ ਹੈ । ਪ੍ਰਸ਼ਾਸਨ ਵੱਲੋਂ ਸਖ਼ਤੀ ਨਾ ਕਰਨ ਕਾਰਣ ਕਮਿਊਨਿਟੀ ਤੋਂ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ । ਸ਼ਨੀਵਾਰ 92 ਮਾਮਲੇ ਕਮਿਊਨਿਟੀ ਦੇ ਸਾਹਮਣੇ ਆਏ ਹਨ, ਜਦਕਿ 47 ਮਰੀਜ਼ ਅਜਿਹੇ ਹਨ ਜਿਹੜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ ।

ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਡਿਪਟੀ ਮਾਸ ਮੀਡੀਆ ਅਧਿਕਾਰੀ ਅਮਰਦੀਪ ਸਿੰਘ ਦੀ ਅਗਵਾਈ ’ਚ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ । ਜ਼ਿਲੇ ਵਿਚ ਅੱਜ ਜਿਹੜੀ 33 ਸਾਲਾ ਗਰਭਵਤੀ ਔਰਤ ਦੀ ਮੌਤ ਹੋਈ ਹੈ, ਉਸਦੀ ਕੁੱਖ ’ਚ 6 ਮਹੀਨਿਆਂ ਦਾ ਬੱਚਾ ਸੀ। ਉਹ ਕੋਰੋਨਾ ਤੋਂ ਇਲਾਵਾ ਸਾਹ ਦੀ ਅਤੇ ਕੁੱਖ ਦੀ ਸਮੱਸਿਆ ਤੋਂ ਪੀੜਿਤ ਸੀ। ਹੁਣ ਤਕ ਜ਼ਿਲੇ ’ਚ ਕੁੱਲ 9377 ਪਾਜ਼ੇਟਿਵ ਆ ਚੁੱਕੇ ਹਨ ਅਤੇ 7540 ਠੀਕ ਵੀ ਹੋ ਚੁੱਕੇ ਹਨ । ਫਿਲਹਾਲ ਹਸਪਤਾਲਾਂ ’ਚ 485 ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 352 ਦੀ ਮੌਤ ਹੋ ਚੁੱਕੀ ਹੈ। 4 ਮਰੀਜ਼ ਵੈਂਟੀਲੇਟਰ ’ਤੇ ਅਤੇ 69 ਆਕਸੀਜਨ ’ਤੇ ਹਨ । ਜ਼ਿਲੇ ’ਚ ਅੱਜ ਕੁੱਲ 2942 ਟੈਸਟ ਹੋਏ ਹਨ । ਘਰਾਂ ’ਚ ਕੁਆਰੰਟਾਈਨ 970 ਵਿਅਕਤੀ ਹਨ । ਵਿਭਾਗ ਅਨੁਸਾਰ ਜ਼ਿਲੇ ’ਚ ਅੱਜ 2940 ਲੋਕਾਂ ਦਾ ਟੈਸਟ ਕੀਤਾ ਗਿਆ ਹੈ ।

ਮਰੀਜ਼ ਇਲਾਕਾ ਹਸਪਤਾਲ ਬੀਮਾਰੀ

1 . ਸਤਿੰਦਰਜੀਤ ਸਿੰਘ (63) ਨਾਗ ਖੁਰਦ ਮਜੀਠਾ ਈ. ਐੱਮ. ਸੀ. ਹਸਪਤਾਲ , ਹਾਰਟ ਦੀ ਸਮੱਸਿਆ ਅਤੇ ਹਾਈਪਰਟੈਂਸ਼ਨ

2 . ਸਾਨਿਆ (33) ਗਰਭਵਤੀਤਰਨਤਾਰਨ ਰੋਡ , ਜੀ. ਐੱਨ. ਡੀ . ਐੱਚ . ਸਾਹ ਅਤੇ ਕੁੱਖ ਸਬੰਧੀ ਸਮੱਸਿਆ ।

3 . ਗੁਰਿੰਦਰ ਕੌਰ (45) ਰਸੂਲਪੁਰ, ਜੀ. ਐੱਨ. ਡੀ. ਐੱਚ. ਹਾਰਟ ਦੀ ਸਮੱਸਿਆ

4 . ਗੌਰਵ ਭੰਡਾਰੀ ਰਣਜੀਤ ਐਵੀਨਿਊ ਬੀ-ਬਲਾਕ ਈ. ਐੱਮ. ਸੀ . ਹਸਪਤਾਲ ਕੋਵਿਡ ਨਿਮੋਨੀਆ ।

5 . ਕਿਸ਼ਨ ਚੰਦ (84) ਮਹਿੰਦਰਾ ਕਾਲੋਨੀ, ਈ. ਐੱਮ . ਸੀ . ਹਸਪਤਾਲ ਹਾਈਪਰਟੈਂਸ਼ਨ, ਹਾਰਟ ਦੀ ਸਮੱਸਿਆ

10 ਮਿੰਟਾਂ ’ਚ ਆਉਣ ਵਾਲੀ ਕੋਰੋਨਾ ਰਿਪੋਰਟ ਸਿਵਲ ਹਸਪਤਾਲ ਦੇ ਡਾਕਟਰ ਦੇ ਰਹੇ ਹਨ 6 ਘੰਟਿਆਂ ਬਾਅਦ : ਜ਼ਿਲਾ ਪ੍ਰਸ਼ਾਸਨ ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ, ਉੱਥੇ ਹੀ ਜ਼ਿਲਾ ਪੱਧਰ ਸਿਵਲ ਹਸਪਤਾਲ ਦੇ ਕੁਝ ਡਾਕਟਰ ਅਤੇ ਕਰਮਚਾਰੀ ਕੋਰੋਨਾ ਦੇ ਰੈਪਿਡ ਟੈਸਟ ਦੀ 10 ਮਿੰਟਾਂ ਚ ਆਉਣ ਵਾਲੀ ਰਿਪੋਰਟ ਲੋਕਾਂ ਨੂੰ 6 ਘੰਟਿਆਂ ਬਾਅਦ ਦੇ ਰਹੇ ਹਨ । ਹਸਪਤਾਲ ਪ੍ਰਸ਼ਾਸਨ ਦੀ ਨਲਾਇਕੀ ਕਾਰਣ ਲੋਕਾਂ ਨੂੰ 6 ਘੰਟੇ ਹਸਪਤਾਲ ’ਚ ਬੈਠ ਕੇ ਆਪਣੀ ਰਿਪੋਰਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ । ਇਸ ਦੌਰਾਨ ਉਨ੍ਹਾਂ ਨੂੰ ਭਾਵੇਂ ਕੋਰੋਨਾ ਨੇ ਆਪਣੀ ਜਕੜ ’ਚ ਨਾ ਲਿਆ ਹੋਵੇ ਪਰ ਉੱਥੇ ਟੈਸਟ ਕਰਵਾਉਣ ਆਉਣ ਵਾਲੇ ਹੋਰ ਲੋਕਾਂ ਤੋਂ ਉਹ ਕੋਰੋਨਾ ਦੀ ਜਕੜ ’ਚ ਆ ਸਕਦੇ ਹਨ । ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਆਪਣੀ ਸੀਟ ’ਤੇ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਢਿੱਲ ਕਾਰਣ ਹੀ ਸਰਕਾਰੀ ਸੇਵਾਵਾਂ ਤੋਂ ਲੋਕਾਂ ਦਾ ਭਰੋਸਾ ਉਠ ਰਿਹਾ ਹੈ । ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਅਧਿਕਾਰੀਆਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ ।