ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵੈਕਸੀਨ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਿਹਾਰ 'ਚ ਫ੍ਰੀ ਕੋਰੋਨਾ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ। ਇਸ 'ਚ ਸਰਕਾਰੀ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ, ਕੇਂਦਰ ਦੀ ਮੋਦੀ ਸਰਕਾਰ ਨੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾ ਲਗਾਉਣ ਲਈ ਲੱਗਭੱਗ 515 ਅਰਬ ਰੁਪਏ (7 ਬਿਲੀਅਨ ਡਾਲਰ) ਨਿਰਧਾਰਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ਾਸਨ ਦਾ ਅਨੁਮਾਨ ਹੈ ਕਿ 1.3 ਬਿਲੀਅਨ ਦੇ ਰਾਸ਼ਟਰ 'ਚ ਪ੍ਰਤੀ ਵਿਅਕਤੀ ਕੋਰੋਨਾ ਵੈਕਸੀਨ ਦੀ ਲੱਗਭੱਗ $6-7 ਡਾਲਰ ਦੀ ਲਾਗਤ ਆਵੇਗੀ। ਪਛਾਣ ਨਾ ਸਪੱਸ਼ਟ ਕਰਨ ਦੇ ਆਧਾਰ 'ਤੇ ਉਨ੍ਹਾਂ ਕਿਹਾ ਕਿ 1 ਮਾਰਚ ਨੂੰ ਖ਼ਤਮ ਹੋਣ ਵਾਲੇ ਚਾਲੂ ਵਿੱਤ ਸਾਲ ਲਈ ਹੁਣ ਤੱਕ ਪੈਸਾ ਇਕੱਠਾ ਕੀਤਾ ਗਿਆ ਹੈ ਅਤੇ ਇਸ ਉਦੇਸ਼ ਲਈ ਅੱਗੇ ਪੈਸੇ ਦੀ ਕੋਈ ਕਮੀ ਨਹੀਂ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ, ਹਰ ਸ਼ਖਸ ਨੂੰ ਦੋ ਡੋਜ਼ ਦਿੱਤੇ ਜਾਣਗੇ। ਹਰ ਇੱਕ ਡੋਜ਼ ਦੀ ਕੀਮਤ 2 ਡਾਲਰ ਦੇ ਕਰੀਬ ਹੋ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਾਟ ਦੀ ਕੀਮਤ 150 ਰੁਪਏ ਕਰੀਬ ਦੋ ਡਾਲਰ ਹੋਵੇਗੀ। ਇਸ ਦੇ ਨਾਲ ਹੀ 2-3 ਡਾਲਰ ਪ੍ਰਤੀ ਵਿਅਕਤੀ ਦਾ ਖ਼ਰਚ ਭੰਡਾਰਣ ਅਤੇ ਟ੍ਰਾਂਸਪੋਰਟ ਵਰਗੇ ਬੁਨਿਆਦੀ ਢਾਂਚੇ 'ਤੇ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਮ ਆਪਣੇ ਹਾਲ ਹੀ  ਦੇ ਸੰਬੋਧਨ 'ਚ ਕਿਹਾ ਸੀ ਕਿ ਸਰਕਾਰ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਵਿਡ-19 ਵੈਕਸੀਨ ਹਰ ਭਾਰਤੀ ਤੱਕ ਪੁੱਜੇ। ਸਰਕਾਰ ਨੇ ਹਾਲ ਹੀ 'ਚ ਇਹ ਯਕੀਨੀ ਕਰਨ ਲਈ ਕੋਲਡ ਚੇਨ ਸਟੋਰੇਜ ਸਹੂਲਤਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਇੱਕ ਵੱਡੇ ਪੱਧਰ 'ਤੇ ਕਵਾਇਦ ਸ਼ੁਰੂ ਕੀਤੀ ਤਾਂ ਕਿ ਵੈਕਸੀਨ ਦੇ ਆਉਣ 'ਤੇ ਦੇਸ਼ ਭਰ 'ਚ ਇਸ ਨੂੰ ਛੇਤੀ ਤੋਂ ਛੇਤੀ ਵੰਡਿਆ ਜਾਵੇ।