ਮੁੰਬਈ - ਮੁੰਬਈ ਦੇ ਨਾਗਪਾੜਾ ਇਲਾਕੇ 'ਚ ਵੀਰਵਾਰ ਦੀ ਦੇਰ ਰਾਤ ਕਰੀਬ 10 ਵਜੇ ਇੱਕ ਮਾਲ 'ਚ ਅੱਗ ਲੱਗ ਗਈ। ਅੱਗ ਨੂੰ ਕਾਬੂ ਕਰਨ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਜੂਦ ਸਨ। ਫਾਇਰ ਬ੍ਰਿਗੇਡ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਅੱਗ ਨਾਗਪਾੜਾ ਇਲਾਕੇ ਦੇ ਇੱਕ ਮਾਲ ਦੇ ਲੈਵਲ 3 'ਤੇ ਲੱਗੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਇਸ ਤੋਂ ਪਹਿਲਾਂ ਮੁੰਬਈ ਦੇ ਕੁਰਲਾ ਵੈਸਟ ਦੇ ਅਸ਼ੋਕ ਨਗਰ ਇਲਾਕੇ 'ਚ ਸਥਿਤ ਇੱਕ ਕੱਪੜਾ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਸ਼ੁਰੂਆਤੀ ਜਾਂਚ 'ਚ ਸ਼ਾਰਟ ਸਰਕਿਟ ਨੂੰ ਅੱਗ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਅੱਧਾ ਦਰਜਨ ਗੱਡੀਆਂ ਪਹੁੰਚੀਆਂ ਹੋਈਆਂ ਹਨ। ਲੈਵਲ 1 ਦੀ ਇਹ ਅੱਗ ਫੀਨੀਕਸ ਮਾਲ ਦੇ ਠੀਕ ਪਿੱਛੇ ਸਥਿਤ ਫੈਕਟਰੀ 'ਚ ਲੱਗੀ ਹੈ। ਹਾਦਸੇ ਦੌਰਾਨ ਫੈਕਟਰੀ ਬੰਦ ਸੀ ਅਤੇ ਉਸ 'ਚ ਜ਼ਿਆਦਾ ਲੋਕ ਨਹੀਂ ਸਨ। ਇਸ ਲਈ ਇਸ 'ਚ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।