ਹੁਸ਼ਿਆਰਪੁਰ/ਨਵੀਂ ਦਿੱਲੀ- ਬੀਤੀ ਦਿਨੀਂ ਵਾਪਰੀ ਜਬਰ ਜ਼ਿਨਾਹ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਪੰਜਾਬ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਮਹਿਲਾ ਮੋਰਚਾ ਸੰਗਠਨਾਂ ਅਤੇ ਖੱਬੇ ਪੱਖੀ ਦਲਾਂ ਨੇ ਇਹ ਪ੍ਰਦਰਸ਼ਨ ਕੀਤਾ। ਇਨ੍ਹਾਂ ਨੇ ਪੰਜਾਬ ਸਰਕਾਰ 'ਤੇ ਮਾਮਲੇ 'ਚ ਢਿੱਲਾ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਦੂਜਿਆਂ ਲਈ ਉਦਾਹਰਣ ਬਣੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੋਰਨੋਗ੍ਰਾਫ਼ੀ ਅਤੇ ਨਸ਼ੇ 'ਤੇ ਰੋਕ ਲਗਾਉਣ ਦੀ ਵੀ ਮੰਗ ਚੁੱਕੀ। ਇਸ ਦੌਰਾਨ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਉੱਥੇ ਭਾਰੀ ਪੁਲਸ ਫੋਰਸ ਵੀ ਮੌਜੂਦ ਰਹੀ।

ਇਹ ਵੀ ਪੜ੍ਹੋ : ਟਾਂਡਾ: ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮਾਂ 'ਤੇ ਲੋਕਾਂ ਨੇ ਕੀਤਾ ਹਮਲਾ

ਦੱਸ ਦੇਈਏ ਕਿ ਬੀਤੀ ਦਿਨੀਂ ਟਾਂਡਾ ਦੇ ਜਬਾਲਪੁਰ 'ਚ 6 ਸਾਲਾ ਬੱਚੀ ਦਾ ਜਬਰ ਜ਼ਿਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਅੱਧ ਸੜੀ ਲਾਸ਼ ਕਿਸੇ ਕਿਸਾਨ ਦੀ ਹਵੇਲੀ 'ਚ ਸੁੱਟ ਦਿੱਤੀ ਗਈ ਸੀ। ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਇਕ ਨੌਜਵਾਨ ਸਮੇਤ ਉਸ ਦੇ ਦਾਦੇ ਵਲੋਂ ਦਿੱਤਾ ਗਿਆ ਸੀ। ਟਾਂਡਾ ਪੁਲਸ ਸਖਤ ਕਾਰਵਾਈ ਕਰਦੇ ਹੋਏ ਦੋਹਾਂ ਦੋਸ਼ੀਆਂ ਦਾਦੇ ਅਤੇ ਪੋਤੇ ਨੂੰ ਗ੍ਰਿਫ਼ਤਾਰ ਕਰ ਚੁਕੀ ਸੀ। ਇਸ ਹੈਵਾਨੀਅਤ ਭਰੇ ਕਾਂਡ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਸੀ, ਜਿਸ 'ਚ ਉਕਤ ਦੋਸ਼ੀ ਬੱਚੀ ਨੂੰ ਲਿਜਾਂਦੇ ਹੋਏ ਨਜ਼ਰ ਆ ਰਿਹਾ ਸੀ। ਉੱਥੇ ਹੀ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਟਾਂਡਾ: ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮਾਂ 'ਤੇ ਲੋਕਾਂ ਨੇ ਕੀਤਾ ਹਮਲਾ