ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਕੂਚ ਲਈ ਰਾਜਧਾਨੀ ਦੇ ਬਾਰਡਰਾਂ 'ਤੇ ਡਟੇ ਹੋਏ ਹਨ। ਇਕ ਪਾਸੇ ਜਿੱਥੇ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਪੰਜਾਬ ਦੇ ਕਿਸਾਨ ਡਟੇ ਹਨ, ਉੱਥੇ ਹੀ ਉੱਤਰ ਪ੍ਰਦੇਸ਼ ਬਾਰਡਰ 'ਤੇ ਵੀ ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ 'ਚ ਹਜ਼ਾਰਾਂ ਕਿਸਾਨ ਡਟੇ ਹੋਏ ਹਨ। ਅਮਿਤ ਸ਼ਾਹ ਦੀ ਅਪੀਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਵਿਚ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਦੇ ਬਾਵਜੂਦ ਕਿਸਾਨ ਪਿੱਛੇ ਹਟਣ ਨੂੰ ਤਿਆਰ ਹੀ ਨਹੀਂ ਹਨ। ਗਾਜ਼ੀਪੁਰ ਬਾਰਡਰ 'ਤੇ ਕਿਸਾਨ ਰੋਹ 'ਚ ਹਨ। ਇੱਥੇ ਕਿਸਾਨਾਂ ਨੇ ਪੁਲਸ ਦੇ ਬੈਰੀਕੇਡਸ ਤੋੜ ਕੇ ਪ੍ਰਦਰਸ਼ਨ ਕੀਤਾ।

PunjabKesari

ਦੱਸ ਦੇਈਏ ਕਿ ਐਤਵਾਰ ਦੁਪਹਿਰ ਯੂ. ਪੀ. ਬਾਰਡਰ 'ਤੇ ਕਿਸਾਨਾਂ ਦੀ ਭੀੜ ਲੱਗ ਗਈ। ਇਸ ਦੌਰਾਨ ਕਿਸਾਨਾਂ ਨੇ ਦਿੱਲੀ-ਪੁਲਸ ਦੀ ਬੈਰੀਕੇਟਿੰਗ ਸੁੱਟ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਪੁਲਸ ਨੇ ਕਿਸਾਨਾਂ ਨੂੰ ਦਿੱਲੀ ਵਿਚ ਐਂਟਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਸ਼ਰਤ ਨਾਲ। ਪੁਲਸ ਨੇ ਉਨ੍ਹਾਂ ਨੂੰ ਬਿਨਾਂ ਟਰੈਕਟਰ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਵਿਚ ਐਂਟਰੀ ਕਰਨ ਦੀ ਇਜਾਜ਼ਤ ਦਿੱਤੀ ਹੈ।

PunjabKesari

ਹਾਲਾਂਕਿ ਕਿਸਾਨ ਇਸ ਗੱਲ 'ਤੇ ਰਾਜ਼ੀ ਨਹੀਂ ਹੋਏ। ਉਹ ਹੁਣ ਅੱਗੇ ਦੀ ਰਣਨੀਤੀ ਲਈ ਬੈਠਕ ਕਰ ਰਹੇ ਹਨ। ਉਹ ਗਾਜ਼ੀਪੁਰ ਬਾਰਡਰ 'ਤੇ ਡਟੇ ਹਨ, ਇੱਥੇ ਕਰੀਬ 300 ਤੋਂ 400 ਕਿਸਾਨ ਡਟੇ ਹੋਏ ਹਨ। ਦੱਸ ਦੇਈਏ ਕਿ ਦਿੱਲੀ ਚਲੋ ਅੰਦੋਲਨ 'ਚ ਸ਼ਾਮਲ ਹੋਣ ਲਈ ਪੰਜਾਬ ਹੀ ਨਹੀਂ ਸਗੋਂ ਉੱਤਰ ਪ੍ਰਦੇਸ ਅਤੇ ਰਾਜਸਥਾਨ ਤੋਂ ਵੀ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਕੂਚ ਕਰ ਰਹੇ ਹਨ।