ਲੁਧਿਆਣਾ, (ਰਾਜ)- ਗਰੀਬੀ ਨੇ ਡਾਬਾ ਦੇ ਇਕ ਨੌਜਵਾਨ ਦੀ ਜਾਨ ਲੈ ਲਈ। ਇੰਟਰਵਿਊ ’ਤੇ ਜਾਣ ਲਈ ਉਸ ਨੂੰ ਪੈਸੇ ਚਾਹੀਦੇ ਸਨ ਪਰ ਮਾਪਿਆਂ ਕੋਲ ਪੈਸੇ ਨਹੀਂ ਸਨ। ਇਸ ਲਈ ਬੇਟੇ ਨੂੰ ਇਨਕਾਰ ਕਰ ਦਿੱਤਾ। ਇਸੇ ਗੱਲ ਤੋਂ ਨਿਰਾਸ਼ ਹੋਏ ਨੌਜਵਾਨ ਨੇ ਮਾਂ ਦੀ ਚੁੰਨੀ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਗੁਆਂਢੀਆਂ ਨੇ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਥਾਣਾ ਡਾਬਾ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (22) ਵਜੋਂ ਹੋਈ ਹੈ, ਜੋ ਕਿ ਸਤਿਗੁਰੂ ਨਗਰ ਦਾ ਰਹਿਣ ਵਾਲਾ ਸੀ। ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਪੁਲਸ ਨੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤੀ।
ਜਾਣਕਾਰੀ ਮੁਤਾਬਕ ਪਿਤਾ ਦਵਿੰਦਰ ਸਿੰਘ ਮੂਲ ਰੂਪ ਨਾਲ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਉਹ ਆਪਣੀ ਪਤਨੀ ਅਤੇ ਬੇਟੇ ਗੁਰਪ੍ਰੀਤ ਸਿੰਘ ਨਾਲ ਡਾਬਾ ਦੇ ਸਤਿਗੁਰੂ ਨਗਰ ’ਚ ਕਿਰਾਏ ’ਤੇ ਰਹਿਣ ਆਏ ਸਨ। ਉਨ੍ਹਾਂ ਦੇ ਘਰ ਵਿਚ ਕਾਫੀ ਗਰੀਬੀ ਸੀ ਅਤੇ ਘਰ ਦਾ ਖਰਚ ਵੀ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਸੀ। ਦਵਿੰਦਰ ਅਤੇ ਉਸ ਦੀ ਪਤਨੀ ਦੋਵੇਂ ਲੇਬਰ ਕਰਦੇ ਸਨ। ਬੇਟਾ ਗੁਰਪ੍ਰੀਤ ਵੀ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਚਾਹੁੰਦਾ ਸੀ। ਇਸ ਲਈ ਉਸ ਨੇ ਜਲੰਧਰ ਦੀ ਇਕ ਕੰਪਨੀ ਵਿਚ ਨੌਕਰੀ ਲਈ ਅਪਲਾਈ ਕੀਤਾ ਸੀ। ਉਸ ਨੇ ਇੰਟਰਵਿਊ ਲਈ ਜਲੰਧਰ ਜਾਣਾ ਸੀ। ਇਸ ਲਈ ਉਸ ਨੇ ਆਪਣੇ ਮਾਤਾ-ਪਿਤਾ ਤੋਂ ਆਉਣ-ਜਾਣ ਦਾ ਕਿਰਾਇਆ ਮੰਗਿਆ ਸੀ ਪਰ ਉਸ ਦੇ ਪਿਤਾ ਕੋਲ ਪੈਸੇ ਨਾ ਹੋਣ ਕਾਰਨ ਇਨਕਾਰ ਕਰ ਦਿੱਤਾ, ਜਿਸ ਕਾਰਨ ਗੁਰਪ੍ਰੀਤ ਕਾਫੀ ਨਿਰਾਸ਼ ਹੋ ਗਿਆ ਅਤੇ ਕਮਰੇ ਵਿਚ ਚਲਾ ਗਿਆ। ਇਸ ਤੋਂ ਬਾਅਦ ਮਾਤਾ-ਪਿਤਾ ਆਪਣੇ-ਆਪਣੇ ਕੰਮ ’ਤੇ ਚਲੇ ਗਏ। ਜਦੋਂ ਉਹ ਦੁਪਹਿਰ ਨੂੰ ਰੋਟੀ ਖਾਣ ਘਰ ਪਰਤੇ ਤਾਂ ਉਸ ਦਾ ਬੇਟਾ ਕਮਰੇ ਤੋਂ ਬਾਹਰ ਨਹੀਂ ਆਇਆ। ਜਦੋਂ ਉਨ੍ਹਾਂ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਗੁਰਪ੍ਰੀਤ ਦੀ ਲਾਸ਼ ਲਟਕ ਰਹੀ ਸੀ। ਥਾਣਾ ਡਾਬਾ ਦੇ ਐੱਸ. ਐੱਚ. ਓ. ਇੰਸਪੈਕਟਰ ਮਹਿਮਾ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਇਸ ਕੇਸ ਵਿਚ 174 ਦੀ ਕਾਰਵਾਈ ਕੀਤੀ ਗਈ ਹੈ।