ਸ਼ਾਜਾਪੁਰ— ਅਕਸਰ ਤੁਸੀਂ ਪਿੰਡਾਂ ’ਚ ਦੇਵੀ-ਦੇਵਤਿਆਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦਾ ਮੰਦਰ ਬਣਦੇ ਸੁਣਿਆ ਹੋਵੇਗਾ। ਅਜਿਹੇ ਕਈ ਮਾਮਲੇ ਪੂਰੇ ਦੇਸ਼ ਤੋਂ ਸਾਹਮਣੇ ਆਏ ਹਨ ਪਰ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਵਿਚ ਇਕ ਸ਼ਖਸ ਨੇ ਆਪਣੀ ਪਤਨੀ ਦੇ ਦਿਹਾਂਤ ਮਗਰੋਂ ਉਸ ਦਾ ਮੰਦਰ ਬਣਵਾ ਦਿੱਤਾ। ਸ਼ਾਜਾਪੁਰ ਜ਼ਿਲ੍ਹੇ ਤੋਂ ਕਰੀਬ 3 ਕਿਲੋਮੀਟਰ ਦੂਰ ਪਿੰਡ ਸਾਂਪਖੇੜਾ ’ਚ ਬਣੇ ਮੰਦਰ ਦੀ ਇਲਾਕੇ ਵਿਚ ਕਾਫੀ ਚਰਚਾ ਹੈ। ਇਹ ਮੰਦਰ ਆਪਣੇ ਆਪ ਵਿਚ ਹੀ ਖ਼ਾਸ ਹੈ ਕਿਉਂਕਿ ਇਸ ਇਲਾਕੇ ਵਿਚ ਲੋਕਾਂ ਨੇ ਅੱਜ ਤਕ ਅਜਿਹਾ ਮੰਦਰ ਨਾ ਵੇਖਿਆ ਅਤੇ ਨਾ ਹੀ ਸੁਣਿਆ ਹੈ। ਪਤੀ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਘਰ ਦੇ ਬਾਹਰ ਆਪਣੀ ਪਤਨੀ ਦਾ ਮੰਦਰ ਬਣਵਾ ਦਿੱਤਾ ਹੈ। ਇਸ ਵਿਚ ਤਿੰਨ ਫੁੱਟ ਦੀ ਉੱਚਾਈ ਵਾਲੀ ਮੂਰਤੀ ਸਥਾਪਤ ਕੀਤੀ ਗਈ ਹੈ। ਰੋਜ਼ਾਨਾ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਵੇਖ ਕੇ ਤਸੱਲੀ ਕਰਦੇ ਹਨ।

PunjabKesari

ਦਰਅਸਲ ਪਿੰਡ ਸਾਂਪਖੇੜਾ ਵਾਸੀ ਬੰਜਾਰਾ ਸਮਾਜ ਦੇ ਨਾਰਾਇਣ ਸਿੰਘ ਰਾਠੌੜ ਆਪਣੀ ਪਤਨੀ ਗੀਤਾਬਾਈ ਅਤੇ ਪੁੱਤਰਾਂ ਨਾਲ ਪਰਿਵਾਰ ਸਮੇਤ ਰਹਿੰਦੇ ਸਨ। ਪਰਿਵਾਰ ਵਿਚ ਸਭ ਕੁਝ ਆਮ ਚੱਲ ਰਿਹਾ ਸੀ ਪਰ ਨਾਰਾਇਣ ਸਿੰਘ ਦੀ ਪਤਨੀ ਗੀਤਾਬਾਈ ਧਾਰਮਿਕ ਪ੍ਰੋਗਰਾਮਾਂ ਵਿਚ ਮਗਨ ਰਹਿੰਦੀ ਸੀ। ਭਜਨ-ਕੀਰਤਨ ’ਚ ਰੋਜ਼ਾਨਾ ਜਾਣ ਨਾਲ ਹੀ ਉਹ ਭਗਵਾਨ ਦੀ ਭਗਤੀ ਵਿਚ ਲੀਨ ਹੋਈ ਸੀ। ਅਜਿਹੇ ਵਿਚ ਗੀਤਾਬਾਈ ਦੇ ਪੁੱਤਰ ਆਪਣੀ ਮਾਂ ਨੂੰ ਦੇਵੀ ਦੇ ਬਰਾਬਰ ਸਮਝਦੇ ਸਨ ਪਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਗੀਤਾਬਾਈ ਦੀ ਸਿਹਤ ਵਿਗੜਨ ਲੱਗੀ। ਗੀਤਾਬਾਈ ਦੇ ਪੁੱਤਰ ਲੱਕੀ ਨੇ ਦੱਸਿਆ ਕਿ ਲੱਖਾਂ ਖਰਚ ਕਰਨ ਮਗਰੋਂ ਵੀ ਮਾਂ ਨਹੀਂ ਬਚ ਸਕੀ। 27 ਅਪ੍ਰੈਲ 2021 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। 

PunjabKesari

ਪੁੱਤਰਾਂ ਨਾਲ ਹਮੇਸ਼ਾ ਸਾਏ ਵਾਂਗ ਰਹਿਣ ਵਾਲੀ ਮਾਂ ਦੀ ਕਮੀ ਉਨ੍ਹਾਂ ਦੇ ਬੱਚੇ ਸਹਿਣ ਨਹੀਂ ਕਰ ਸਕੇ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨਾਲ ਸਲਾਹ-ਮਸ਼ਵਰਾ ਕੀਤਾ। ਇਸ ਦੌਰਾਨ ਮੰਦਰ ਬਣਾਉਣ ਦੀ ਗੱਲ ਆਖੀ। ਮਹਿਲਾ ਦੇ ਪਤੀ ਅਤੇ ਦੋਹਾਂ ਪੁੱਤਰਾਂ ਨੇ ਮਿਲ ਕੇ ਗੀਤਾਬਾਈ ਦੀ ਮੂਰਤੀ ਸਥਾਪਤ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਅਲਵਰ ਦੇ ਕਲਾਕਾਰਾਂ ਨੇ ਇਸ ਮੂਰਤੀ ਨੂੰ ਤਿਆਰ ਕੀਤਾ ਹੈ। ਡੇਢ ਮਹੀਨੇ ਬਾਅਦ ਇਸ ਮੂਰਤੀ ਨੂੰ ਘਰ ਲੈ ਕੇ ਆਏ। 29 ਅਪ੍ਰੈਲ ਨੂੰ ਉਨ੍ਹਾਂ ਦੀ ਮੂਰਤੀ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ।

PunjabKesari

ਗੀਤਾਬਾਈ ਦੇ ਪੁੱਤਰ ਲੱਕੀ ਨੇ ਕਿਹਾ ਕਿ ਮਾਂ ਦੀ ਮੂਰਤੀ ਨੂੰ ਬਣਵਾਉਣ ਤੋਂ ਬਾਅਦ ਜਦੋਂ ਮੂਰਤੀ ਘਰ ਆਈ ਤਾਂ ਇਕ ਦਿਨ ਮੂਰਤੀ ਨੂੰ ਘਰ ’ਚ ਰੱਖਿਆ ਗਿਆ। ਇਸ ਦੌਰਾਨ ਘਰ ਦੇ ਠੀਕ ਬਾਹਰ ਮੁੱਖ ਦਰਵਾਜ਼ੇ ਦੇ ਨੇੜੇ ਮੂਰਤੀ ਦੀ ਸਥਾਪਨਾ ਲਈ ਚਬੂਤਰਾ ਬਣਵਾਇਆ ਗਿਆ। ਦੂਜੇ ਦਿਨ ਮੂਰਤੀ ਨੂੰ ਸਥਾਪਤ ਕੀਤਾ ਗਿਆ। ਲੱਕੀ ਨੇ ਦੱਸਿਆ ਕਿ ਹੁਣ ਰੋਜ਼ਾਨਾ ਉਹ ਸਵੇੇਰੇ ਉਠਦੇ ਹੀ ਆਪਣੀ ਮਾਂ ਨੂੰ ਵੇਖ ਲੈਂਦਾ ਹੈ। ਲੱਕੀ ਦਾ ਕਹਿਣਾ ਹੈ ਕਿ ਹੁਣ ਮਾਂ ਸਿਰਫ਼ ਬੋਲਦੀ ਨਹੀਂ ਹੈ ਪਰ ਉਹ ਹਰ ਸਮੇਂ ਮੇਰੇ ਅਤੇ ਪੂਰੇ ਪਰਿਵਾਰ ਨਾਲ ਮੌਜੂਦ ਰਹਿੰਦੀ ਹੈ।
PunjabKesari