ਰਾਂਚੀ – ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਬੀ. ਐੱਸ. ਐੱਫ. ’ਚ ਹਥਿਆਰਾਂ ਦੇ ਸਮੱਗਲਰਾਂ ਨੇ ਸੰਨ੍ਹ ਲਾਈ ਹੈ। ਝਾਰਖੰਡ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਬੀ. ਐੱਸ. ਐੱਫ. ਦੇ ਜਵਾਨਾਂ ਦੀ ਮਦਦ ਨਾਲ ਨਕਸਲੀਆਂ ਅਤੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦੀ ਇਸ ਖੇਡ ਦਾ ਪਰਦਾਫਾਸ਼ ਕੀਤਾ ਹੈ।  ਝਾਰਖੰਡ ਏ. ਟੀ. ਐੱਸ ਨੇ 5 ਸੂਬਿਆਂ ਬਿਹਾਰ, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ 5 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ - ਦੱਖਣੀ ਅਫਰੀਕਾ 'ਚ ਮਿਲਿਆ ਕੋਵਿਡ-19 ਦਾ ਨਵਾਂ ਵੇਰੀਐਂਟ

ਇਨ੍ਹਾਂ ਵਿਚ ਫਿਰੋਜ਼ਪੁਰ, ਪੰਜਾਬ ਦੀ ਬੀ. ਐੱਸ. ਐੱਫ.-116 ਬਟਾਲੀਅਨ ਦਾ ਹੈੱਡ ਕਾਂਸਟੇਬਲ ਕਾਰਤਿਕ ਬੇਹੜਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬਿਹਾਰ ਦੇ ਸਾਰਨ ਤੋਂ ਬੀ. ਐੱਸ. ਐੱਫ.-114 ਬਟਾਲੀਅਨ ਤੋਂ ਸਵੈ-ਇੱਛੁਕ ਸੇਵਾਮੁਕਤੀ ਲੈਣ ਵਾਲੇ ਅਰੁਣ ਕੁਮਾਰ ਸਿੰਘ, ਮੱਧ ਪ੍ਰਦੇਸ਼ ਤੋਂ ਕੁਮਾਰ ਗੁਰਲਾਲ ਓਚਵਾਰੇ, ਸ਼ਿਵਲਾਲ ਧਵਨ ਸਿੰਘ ਚੌਹਾਨ, ਹੀਰਾਲਾ ਗੁਮਾਨ ਸਿੰਘ ਓਚਵਾਰੇ ਸ਼ਾਮਲ ਹਨ। ਅਰੁਣ ਇਸ ਗਿਰੋਹ ਦਾ ਮਾਸਟਰਮਾਈਂਡ ਹੈ। ਇਸ ਗਿਰੋਹ ਦੇ ਕਈ ਹੋਰ ਲਿੰਕ ਵੀ ਮਿਲੇ ਹਨ। ਇਨ੍ਹਾਂ ਦੇ ਆਧਾਰ ’ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਕਈ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ। ਇਨ੍ਹਾਂ ਦੇ ਗਠਜੋੜ ਦਾ ਮੁੱਖ ਕੇਂਦਰ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਨੂੰ ਜੋੜਨ ਵਾਲੀ ਸਰਹੱਦ ਹੈ।

ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਅਤੇ ਐੱਮ. ਪੀ. ਦੇ ਬੁਰਹਾਨਪੁਰ ਜ਼ਿਲ੍ਹੇ ਵਿਚ ਉਨ੍ਹਾਂ ਦਾ ਪੂਰਾ ਸੈੱਟਅੱਪ ਹੈ। ਇਥੇ ਹਥਿਆਰਾਂ ਦੀ ਫੈਕਟਰੀ ਵੀ ਸਥਾਪਿਤ ਕੀਤੀ ਗਈ ਸੀ। ਮੁਲਜ਼ਮ ਇਥੇ ਹਥਿਆਰ ਤਿਆਰ ਕਰਕੇ ਆਪਣੇ ਨੈੱਟਵਰਕ ਰਾਹੀਂ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰ ਰਹੇ ਸਨ।

ਇਹ ਵੀ ਪੜ੍ਹੋ - ਹੈਦਰਾਬਾਦ ਦਾ ‘ਬੇਲਗਾਮ ਸਾਨ੍ਹ' ਭਾਜਪਾ ਨੂੰ ਚੋਣਾਂ ਜਿੱਤਣ 'ਚ ਮਦਦ ਕਰਦੈ: ਟਿਕੈਤ

9000 ਕਾਰਤੂਸ ਬਰਾਮਦ ਕੀਤੇ
ਝਾਰਖੰਡ ਏ. ਟੀ. ਐੱਸ. ਦੇ ਐੱਸ. ਪੀ. ਪ੍ਰਸ਼ਾਂਤ ਆਨੰਦ ਅਤੇ ਆਈ. ਜੀ. ਏ. ਵੀ. ਹੋਮਕਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਫੜੇ ਗਏ ਵਿਅਕਤੀਆਂ ਕੋਲੋਂ 9000 ਤੋਂ ਵੱਧ ਕਾਰਤੂਸ, 14 ਹਾਈਟੈਕ ਪਿਸਤੌਲ, 21 ਮੈਗਜ਼ੀਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਦੇਸ਼ ਭਰ ਵਿਚ ਹਥਿਆਰਾਂ ਦੀ ਸਪਲਾਈ
ਹੋਮਕਰ ਨੇ ਦੱਸਿਆ ਕਿ ਇਹ ਗਿਰੋਹ ਝਾਰਖੰਡ ਸਮੇਤ ਦੇਸ਼ ਭਰ ਵਿਚ ਨਕਸਲੀਆਂ ਅਤੇ ਸੰਗਠਿਤ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਏ. ਟੀ. ਐੱਸ. ਦੇ ਐੱਸ. ਪੀ. ਪ੍ਰਸ਼ਾਂਤ ਆਨੰਦ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਅਰੁਣ ਕੁਮਾਰ ਹੈ, ਜਿਸ ਨੇ ਬੀ. ਐੱਸ. ਐੱਫ. ਦੀ 116 ਬਟਾਲੀਅਨ ਤੋਂ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਲਈ ਹੈ। ਏ. ਟੀ. ਐੱਸ ਦੀ ਟੀਮ ਨੇ ਉਸ ਦੀ ਨਿਸ਼ਾਨਦੇ ਹੀ ’ਤੇ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।