ਮਲੋਟ (ਜੁਨੇਜਾ, ਜ.ਬ., ਗੋਇਲ) : ਹਲਕਾ ਲੰਬੀ ਦੀ ਪੁਲਸ ਨੇ ਲੁੱਟਖੋਹ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਜਪਾਲ ਸਿੰਘ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਕਾਰ ਸਿੰਘ ਡੀ.ਐੱਸ.ਪੀ ਮਲੋਟ ਦੀ ਯੋਗ ਅਗਵਾਈ ਹੇਠ ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਐੱਸ.ਆਈ ਮਨਿੰਦਰ ਸਿੰਘ ਅਤੇ ਏ.ਐੱਸ.ਆਈ.ਗੁਰਮੀਤ ਸਿੰਘ ਸਮੇਤ ਟੀਮ ਨੇ ਇਕ ਕਾਰਵਾਈ ਤਹਿਤ ਜਿਵਤੇਸ਼ ਉਰਫ ਵਿੱਕੀ ਪੁੱਤਰ ਬਾਬੂ ਲਾਲ ਵਾਸੀ ਗਲੀ ਨੰਬਰ 12,ਵਾਰਡ ਨੰ. 16, ਮਲੋਟ ਅਤੇ ਲਵਪ੍ਰੀਤ ਸਿੰਘ ਉਰਫ ਲੱਬਾ ਪੁੱਤਰ ਜਰਨੈਲ ਸਿੰਘ ਵਾਸੀ ਛਾਪਿਆਂਵਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : UP ਤੋਂ ਪੰਜਾਬ ਮਜ਼ਦੂਰੀ ਕਰਨ ਆਇਆ ਵਿਅਕਤੀ ਬਣ ਗਿਆ ਵੱਡਾ ਨਸ਼ਾ ਤਸਕਰ, ਚੜ੍ਹਿਆ ਪੁਲਸ ਅੜਿੱਕੇ

ਇਹ ਮੁਲਜ਼ਮ ਪੰਜਾਬ ਹਰਿਆਣਾ ਸਮੇਤ ਹੋਰਾਂ ਸੂਬਿਆਂ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ, ਜਿਸ ਸਬੰਧੀ ਦੋਵਾਂ ਮੁਲਜ਼ਮਾਂ ਵਿਰੁੱਧ ਥਾਣਾ ਲੰਬੀ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਹੈ। ਕਾਬੂ ਕੀਤੇ ਦੋਸ਼ੀਆਂ ਵਲੋਂ ਪੁੱਛਗਿਛ ਦੌਰਾਨ ਪਤਾ ਲੱਗਾ ਹੈ ਕਿ ਜਿਵਤੇਸ਼ ਉਰਫ ਵਿੱਕੀ ਉਕਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਲੀ ਤੋਂ ਇਕ ਕਾਰ ਬੁੱਕ ਕਰਵਾਈ ਸੀ ਜਿਸ ਦੇ ਡਰਾਈਵਰ ਤੋਂ ਜਿਵਤੇਸ਼ ਉਰਫ ਵਿੱਕੀ ਉਕਤ ਅਤੇ ਉਸ ਦੇ ਸਾਥੀਆਂ ਨੇ ਸਿਰਸਾ ਵਿਖੇ ਕਾਰ ਡਰਾਈਵਰ ਦੇ ਫਾਇਰ ਮਾਰ ਕੇ ਕਾਰ ਖੋਹ ਕਰ ਲਈ ਸੀ, ਜਿਸ ਸਬੰਧੀ ਇਨ੍ਹਾਂ ਖਿਲਾਫ਼ ਜ਼ਿਲ੍ਹਾ ਸਿਰਸਾ ਹਰਿਆਣਾ ਵਿਖੇ ਵੀ ਖੋਹ ਦਾ ਮੁਕੱਦਮਾ ਦਰਜ ਹੋਇਆ ਹੈ। ਉਕਤ ਖੋਹ ਕੀਤੀ ਕਾਰ ਪੁਲਸ ਪਾਰਟੀ ਨੂੰ ਪਿੰਡ ਤਰਮਾਲਾ ਤੋਂ ਬਰਾਮਦ ਹੋ ਗਈ ਸੀ ਅਤੇ ਲੰਬੀ ਪੁਲਸ ਨੇ ਉਕਤ ਕਾਰ ਸਬੰਧਤ ਥਾਣੇ ਦੇ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ : ਹੁਣ ਕੁਝ ਦਿਨਾਂ ਲਈ ਅਖਾੜੇ ਨਹੀਂ ਲਗਾ ਸਕਣਗੇ ਵਿਧਾਇਕ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ, ਜਾਣੋ ਵਜ੍ਹਾ

ਉਸ ਤੋਂ ਬਾਅਦ ਇਨ੍ਹਾਂ ਨੇ 4 ਫਰਵਰੀ ਨੂੰ ਪਿੰਡ ਭਾਈ ਕਾ ਕੇਰਾ ਤੋਂ ਖੇਮਾ ਖੇੜਾ ਵਾਲੇ ਰਸਤੇ ਵਿਚ ਸ਼ਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਲੋਚ ਕੇਰਾ ਕੋਲੋਂ ਉਸਦਾ ਮੋਬਾਈਲ ਫੋਨ ਖੋਹਿਆ ਸੀ। ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਬਿਨਾਂ ਨੰਬਰੀ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਸ ਵੱਲੋਂ ਕਾਬੂ ਦੋਸ਼ੀਆਂ ਕੋਲੋਂ ਗਿਰੋਹ ਦੇ ਹੋਰ ਸਾਥੀਆਂ ਬਾਰੇ ਪੁੱਛਗਿਛ ਕੀਤੀ ਜਾ ਰਹੀ।