ਬਟਾਲਾ (ਸਾਹਿਲ)- ਦੇਰ ਰਾਤ 6 ਅਣਪਛਾਤਿਆਂ ਵੱਲੋਂ ਕਿਰਪਾਨ ਦੀ ਨੋਕ ’ਤੇ ਡਰਾਈਵਰ ਕੋਲੋਂ ਗੱਡੀ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਪ੍ਰਦੀਪ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਪਿੰਡ ਜੰਡਵਾਲਾ ਜ਼ਿਲ੍ਹਾ ਫਾਜ਼ਿਲਕਾ ਨੇ ਲਿਖਵਾਇਆ ਕਿ ਬੀਤੀ 28 ਮਾਰਚ ਨੂੰ ਉਹ ਟਰਾਂਸਪੋਰਟ ਦੀ ਸਿਲਵਰ ਰੰਗ ਦੀ ਕਾਰ ’ਤੇ ਸਵਾਰੀ ਨੂੰ ਸ਼੍ਰੀ ਗੰਗਾਨਗਰ ਤੋਂ ਪਠਾਨਕੋਟ ਛੱਡਣ ਲਈ ਆਇਆ ਹੋਇਆ ਸੀ । ਪਠਾਨਕੋਟ ਛੱਡਣ ਤੋਂ ਬਾਅਦ ਜਦੋਂ ਕਾਰ ’ਤੇ ਸਵਾਰ ਹੋ ਕੇ ਪਠਾਨਕੋਟ-ਅੰਮ੍ਰਿਤਸਰ ਹਾਈਵੇ ਰਾਹੀਂ ਵਾਪਸ ਸ਼੍ਰੀ ਗੰਗਾਨਗਰ ਨੂੰ ਜਾ ਰਿਹਾ ਸੀ ਤਾਂ ਰਾਤ ਸਾਢੇ 11 ਵਜੇ ਦੇ ਕਰੀਬ ਬਾਬਾ ਦੀਪ ਸਿੰਘ ਪੈਟਰੋਲ ਪੰਪ ਬਾਈਪਾਸ ਬਟਾਲਾ ਤੋਂ ਥੋੜ੍ਹਾ ਅੱਗੇ ਪਹੁੰਚ ਕੇ ਆਪਣੀ ਗੱਡੀ ਖੜ੍ਹੀ ਕੀਤੀ ਅਤੇ ਪਾਣੀ ਲੈਣ ਵਾਸਤੇ ਪੰਪ ’ਤੇ ਗਿਆ।

ਇਹ ਵੀ ਪੜ੍ਹੋ- ਸੰਗਰੂਰ 'ਚ ਕਰਜ਼ਈ ਮਜ਼ਦੂਰ ਕਿਸਾਨ ਨੇ ਕੀਤੀ ਖੁਦਕੁਸ਼ੀ, ਪਿੱਛੇ ਛੱਡ ਗਿਆ 4 ਬੱਚੇ

ਜਦੋਂ ਪਾਣੀ ਲੈ ਕੇ ਗੱਡੀ ਨੇੜੇ ਆਇਆ ਤਾਂ 2 ਮੋਟਰਸਾਈਕਲਾਂ ’ਤੇ ਸਵਾਰ 6 ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਕੋਲ ਬੇਸਬਾਲ ਤੇ ਡੰਡੇ ਸਨ, ਕਾਰ ਸਵਾਰ ਨੇ ਦੱਸਿਆ ਕਿ ਮੇਰੀ ਕਾਰ ਕੋਲ ਆਏ ਅਤੇ ਇਨ੍ਹਾਂ ’ਚੋਂ ਇਕ ਕੋਲ ਕਿਰਪਾਨ ਸੀ, ਜਿਸ ਨੇ ਮੇਰੀ ਧੌਣ ’ਤੇ ਕਿਰਪਾਨ ਰੱਖਦਿਆਂ ਚਾਬੀ ਦੀ ਮੰਗ ਕੀਤੀ, ਜੋ ਮੈਂ ਉਸ ਨੂੰ ਦੇ ਦਿੱਤੀ। ਉਕਤ ਬਿਆਨਕਰਤਾ ਮੁਤਾਬਕ ਦੋ ਨੌਜਵਾਨ ਉਸਦੀ ਗੱਡੀ ਨੂੰ ਖੋਹ ਕੇ ਅੰਮ੍ਰਿਤਸਰ ਸਾਈਡ ਨੂੰ ਲੈ ਗਏ ਅਤੇ ਬਾਕੀ 4 ਨੌਜਵਾਨ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਪ੍ਰੇਮਿਕਾ ਦੇ ਪਿਤਾ ਵੱਲੋਂ ਜ਼ਲੀਲ ਕਰਨ ਤੋਂ ਖ਼ਫ਼ਾ ਨੌਜਵਾਨ ਨੇ ਗਲ਼ ਲਾਈ ਮੌਤ

ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ. ਆਈ. ਰਣਜੀਤ ਸਿੰਘ ਨੇ ਕਾਰਵਾਈ ਕਰਦਿਆਂ ਅੱਧੀ ਦਰਜਨ ਅਣਪਛਾਤਿਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਥਾਣਾ ਸਦਰ ਵਿਚ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 348 ਨੌਜਵਾਨਾਂ ਨੂੰ ਕੀਤਾ ਰਿਹਾਅ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।