Saturday, September 23, 2023
ਨਵੀਂ ਦਿੱਲੀ— ਮੋਦੀ ਸਰਕਾਰ ਨੇ ਬਜਟ 2017-18 'ਚ ਬਹੁਤੇ ਵੱਡੇ ਐਲਾਨ ਨਾ ਕਰਦੇ ਹੋਏ, ਨਿੱਜੀ ਆਮਦਨ ਟੈਕਸ 'ਚ ਇਕ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਮਤਲਬ ਕਿ 1 ਫਰਵਰੀ ਨੂੰ ਆਮ ਬਜਟ 'ਚ ਮੱਧ ਵਰਗ ਦਾ ਖਿਆਲ ਰੱਖਦੇ ਹੋਏ 3 ਲੱਖ ਰੁਪਏ ਦੀ ਸਾਲਾਨਾ ਆਮਦਨ ਟੈਕਸ ਮੁਕਤ ਕਰ ਦਿੱਤੀ ਹੈ। ਹੁਣ 3 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਟੈਕਸ ਨਹੀਂ ਲੱਗੇਗਾ। ਉੱਥੇ ਹੀ 3 ਲੱਖ ਰੁਪਏ ਤੋਂ ਵਧ ਅਤੇ 5 ਲੱਖ ਰੁਪਏ ਤਕ ਦੀ ਆਮਦਨ 'ਤੇ ਸਿਰਫ 5 ਫੀਸਦੀ ਟੈਕਸ ਦੇਣਾ ਪਵੇਗਾ। ਇਸ ਤੋਂ ਪਹਿਲਾਂ 2.5 ਲੱਖ ਤੋਂ ਵਧ ਅਤੇ 5 ਲੱਖ ਰੁਪਏ ਤਕ ਦੀ ਆਮਦਨ 'ਤੇ 10 ਫੀਸਦੀ ਟੈਕਸ ਦੇਣਾ ਹੁੰਦਾ ਸੀ, ਜਿਸ ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਉੱਥੇ ਹੀ 3 ਤੋਂ 3.5 ਲੱਖ ਰੁਪਏ ਸਾਲਾਨਾ ਆਮਦਨ ਵਾਲਿਆਂ ਨੂੰ ਸਿਰਫ 2500 ਰੁਪਏ ਟੈਕਸ ਦੇ ਤੌਰ 'ਤੇ ਦੇਣੇ ਹੋਣਗੇ। ਇਸ ਨਵੇਂ ਫੈਸਲੇ ਨਾਲ 5 ਲੱਖ ਜਾਂ ਉਸ ਤੋਂ ਜ਼ਿਆਦਾ ਆਮਦਨ ਵਾਲਿਆਂ ਨੂੰ ਟੈਕਸ 'ਚ ਵਧ ਤੋਂ ਵਧ 12,500 ਰੁਪਏ ਦੇ ਨੇੜੇ-ਤੇੜੇ ਦੀ ਛੋਟ ਮਿਲੇਗੀ। ਆਮਦਨ ਟੈਕਸ 'ਚ ਛੋਟ ਦਾ ਸਭ ਤੋਂ ਵਧ ਫਾਇਦਾ ਨੌਕਰੀਪੇਸ਼ਾ ਲੋਕਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਮਿਲੇਗਾ।
ਜੇਤਲੀ ਨੇ ਕੁਝ ਦੂਜੇ ਅਹਿਮ ਐਲਾਨ ਵੀ ਕੀਤੇ। ਟੈਕਸ ਛੋਟ ਦੇਣ ਕਾਰਨ ਹੋਣ ਵਾਲੇ ਮਾਲਿਆ ਨੁਕਸਾਨ ਦੀ ਭਰਪਾਈ ਲਈ 50 ਲੱਖ ਤੋਂ 1 ਕਰੋੜ ਵਿਚਕਾਰ ਸਾਲਾਨਾ ਕਮਾਉਣ ਵਾਲਿਆਂ ਨੂੰ 10 ਫੀਸਦੀ ਸਰਚਾਰਜ ਵੀ ਦੇਣਾ ਹੋਵੇਗਾ। ਉੱਥੇ ਹੀ, 1 ਕਰੋੜ ਤੋਂ ਜ਼ਿਆਦਾ ਕਮਾਉਣ ਵਾਲਿਆਂ 'ਤੇ 15 ਫੀਸਦੀ ਦਾ ਵਾਧੂ ਚਾਰਜ ਜਾਰੀ ਰਹੇਗਾ। ਵਿੱਤ ਮੰਤਰੀ ਨੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਉਹ 2.5 ਤੋਂ 5 ਲੱਖ ਵਿਚਕਾਰ ਕਮਾਉਂਦੇ ਹਨ ਤਾਂ 5 ਫੀਸਦੀ ਟੈਕਸ ਅਦਾ ਕਰਕੇ ਰਾਸ਼ਟਰ ਨਿਰਮਾਣ 'ਚ ਹਿੱਸੇਦਾਰ ਬਣਨ।
3 ਲੱਖ ਤੋਂ ਵਧ ਨਕਦ ਲੈਣ-ਦੇਣ 'ਤੇ ਲੱਗੀ ਰੋਕ
ਕਾਲੇ ਧਨ ਖਿਲਾਫ ਲੜਾਈ ਨੂੰ ਅੱਗੇ ਵਧਾਉਂਦੇ ਹੋਏ ਵਿੱਤ ਮੰਤਰੀ ਨੇ ਅੱਜ ਅਗਲੀ 1 ਅਪ੍ਰੈਲ 2017 ਤੋਂ 3 ਲੱਖ ਰੁਪਏ ਤੋਂ ਵਧ ਦੇ ਸਾਰੇ ਤਰ੍ਹਾਂ ਦੇ ਨਕਦ ਲੈਣ-ਦੇਣ 'ਤੇ ਰੋਕ ਲਾਉਣ ਦਾ ਪ੍ਰਸਤਾਵ ਕੀਤਾ ਹੈ। ਇਸ ਦੀ ਸਿਫਾਰਿਸ਼ ਕਾਲੇ ਧਨ 'ਤੇ ਬਣੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਕੀਤੀ ਸੀ। ਐੱਸ. ਆਈ. ਟੀ. ਦਾ ਗਠਨ ਉੱਚ ਅਦਾਲਤ ਨੇ ਕੀਤਾ ਸੀ। 3 ਲੱਖ ਰੁਪਏ ਤੋਂ ਉੱਪਰ ਦਾ ਨਕਦ ਲੈਣ-ਦੇਣ ਸਿਰਫ ਡਿਜੀਟਲ ਮਾਧਿਅਮ ਰਾਹੀਂ ਹੋ ਸਕੇਗਾ। ਮਤਲਬ ਕਿ ਹੁਣ 1 ਅਪ੍ਰੈਲ ਤੁਸੀਂ 3 ਲੱਖ ਰੁਪਏ ਤੋਂ ਵਧ ਦਾ ਲੈਣ-ਦੇਣ ਕੈਸ਼ 'ਚ ਨਹੀਂ ਕਰ ਸਕੋਗੇ।