ਨਵੀਂ ਦਿੱਲੀ— ਗੁਆਂਢੀ ਦੇਸ਼ਾਂ ਦੀ ਵਧਦੀ ਮੁਕਾਬਲੇਬਾਜ਼ੀ ਨੂੰ ਦੇਖਦਿਆਂ ਆਮ ਬਜਟ 'ਚ ਰੱਖਿਆ ਖੇਤਰ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਸ ਵਾਰ ਦੇ ਰੱਖਿਆ ਬਜਟ 'ਚ 10 ਫੀਸਦੀ ਤੋਂ ਵੀ ਜ਼ਿਆਦਾ ਦਾ ਵਾਧਾ ਕਰਕੇ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਹੱਦਾਂ ਦੀ ਸੁਰੱਖਿਆ 'ਚ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਨਹੀਂ ਵਰਤੀ ਜਾਵੇਗੀ। ਕੁਲ ਬਜਟ ਦਾ 12.78 ਫੀਸਦੀ ਰੱਖਿਆ ਖੇਤਰ ਨੂੰ ਦਿੱਤਾ ਗਿਆ ਹੈ। ਇਹ ਲਗਾਤਾਰ ਦੂਜੀ ਵਾਰ ਹੈ, ਜਦੋਂ ਸਰਕਾਰ ਨੇ ਰੱਖਿਆ ਬਜਟ 'ਚ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਕੀਤਾ ਹੋਵੇ।

ਵਿੱਤ ਮੰਤਰੀ ਅਰੁਣ ਜੇਤਲੀ ਨੇ ਇਕ ਫਰਵਰੀ ਨੂੰ ਪੇਸ਼ ਆਪਣੇ ਬਜਟ 'ਚ ਰੱਖਿਆ ਖੇਤਰ ਲਈ 2.74 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਹ ਕੁਲ ਬਜਟ ਰਾਸ਼ੀ 21.47 ਲੱਖ ਕਰੋੜ ਰੁਪਏ ਦਾ 12.78 ਫੀਸਦੀ ਹੈ।

ਪਿਛਲੀ ਵਾਰ ਬਜਟ 'ਚ ਰੱਖਿਆ ਖੇਤਰ ਦੀ ਹਿੱਸੇਦਾਰੀ ਤਕਰੀਬਨ 11 ਫੀਸਦੀ ਸੀ ਤੇ ਉਸ ਤੋਂ ਪਿਛਲੇ ਸਾਲ ਇਹ ਤਕਰੀਬਨ 10.5 ਫੀਸਦੀ ਸੀ। ਰੱਖਿਆ ਮਾਹਿਰਾਂ ਮੁਤਾਬਕ ਫੌਜਾਂ ਦੇ ਆਧੁਨਿਕੀਕਰਨ ਦੀ ਮੰਗਾਂ ਤੇ ਲੋੜਾਂ ਦੇ ਹਿਸਾਬ ਨਾਲ ਮੌਜੂਦਾ ਸਾਲ 'ਚ ਇਸ ਖੇਤਰ ਦੇ ਬਜਟ 'ਚ ਵਾਧਾ ਹੋਇਆ ਹੈ। ਸਿਰਫ ਇੰਨਾ ਹੀ ਨਹੀਂ ਹਾਲ 'ਚ ਚੀਨ ਤੇ ਪਾਕਿਸਤਾਨ ਦੀ ਵਧਦੀ ਦੋਸਤੀ ਵੀ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਿੰਦ ਮਹਾਸਾਗਰ 'ਚ ਚੀਨ ਅਤੇ ਪਾਕਿਸਤਾਨ ਗਵਾਦਰ ਪੋਰਟ ਤੋਂ ਲੈ ਕੇ ਸ਼੍ਰੀਲੰਕਾ ਦੇ ਹਮਬਨਟੋਟਾ ਪੋਰਟ ਤੱਕ ਭਾਰਤ ਨੂੰ ਘੇਰਣ ਦੀ ਕੋਸ਼ਿਸ਼ਾਂ ਦੇ ਤਹਿਤ ਸਟਿੰਗਰ ਆਫ ਪਰਲ (ਮੋਤੀਆਂ ਦੀ ਮਾਲਾ) ਦਾ ਨਿਰਮਾਣ ਕਰਨ ਦੀਆਂ ਕੋਸ਼ਿਸ਼ਾਂ 'ਚ ਹਨ।