ਨਵੀਂ ਦਿੱਲੀ— ਡਿਜੀਟਲ ਲੈਣ-ਦੇਣ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਸਰਕਾਰ ਨੇ ਸਾਈਬਰ ਘਪਲਿਆਂ ਅਤੇ ਧੋਖਾਧੜੀ ਨਾਲ ਨਜਿੱਠਣ ਲਈ ਕੰਪਿਊਟਰ ਰਿਸਪੋਂਸ ਟੀਮ ਗਠਿਤ ਕਰਨ ਦਾ ਪ੍ਰਸਤਾਵ ਕੀਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਭਾਸ਼ਣ (2017-18) 'ਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, ''ਸਾਡੇ ਵਿੱਤੀ ਖੇਤਰ ਦੀ ਸਥਿਰਤਾ ਅਤੇ ਬਚਾਅ ਲਈ ਸਾਈਬਰ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਵਿੱਤੀ ਖੇਤਰ ਲਈ ਕੰਪਿਊਟਰ ਐਮਰਜੰਸੀ ਰਿਸਪੋਂਸ ਟੀਮ (ਸੀ. ਈ. ਆਰ. ਟੀ.-ਫਿਨ) ਗਠਿਤ ਕੀਤੀ ਜਾਵੇਗੀ।''

ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵਿਤ ਟੀਮ ਵਿੱਤੀ ਖੇਤਰ ਦੇ ਸਾਰੇ ਰੈਗੁਲੇਟਰਾਂ ਤੇ ਹੋਰ ਹਿੱਸੇਦਾਰਾਂ ਨਾਲ ਤਾਲ-ਮੇਲ 'ਚ ਕੰਮ ਕਰੇਗੀ। ਪਿਛਲੇ ਸਾਲ ਵੱਖ-ਵੱਖ ਬੈਂਕਾਂ ਦੇ 32 ਲੱਖ ਤੋਂ ਵਧ ਡੈਬਿਟ ਕਾਰਡ ਨਾਲ ਜੁੜੀ ਜਾਣਕਾਰੀ 'ਚ ਸੰਨ੍ਹ ਲਾਈ ਗਈ ਸੀ। ਇਹ ਭਾਰਤ 'ਚ ਬੈਂਕਾਂ ਨਾਲ ਜੁੜਿਆ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਘਪਲਾ ਸੀ। ਨੋਟਬੰਦੀ ਤੋਂ ਬਾਅਦ ਸਰਕਾਰ ਡਿਜੀਟਲ ਅਰਥਵਿਵਸਥਾ 'ਤੇ ਜ਼ੋਰ ਦੇ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵਿੱਤੀ ਫਾਰਮ ਲਈ ਪ੍ਰਸਤਾਵ ਨਾਲ ਜੁੜਿਆ ਇਕ ਬਿੱਲ ਵੀ ਸੰਸਦ ਦੇ ਮੌਜੂਦਾ ਬਜਟ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ।