ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਰਤ ਆਧਾਰਿਤ ਖੇਤਰਾਂ ਚਮੜਾ ਅਤੇ ਬੂਟ-ਚੱਪਲ ਭਾਵ ਫੁੱਟਵੀਅਰ ਲਈ ਇਕ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ। ਇਹ ਯੋਜਨਾ ਕੱਪੜਾ ਖੇਤਰ ਦੀ ਤਰਜ਼ 'ਤੇ ਹੋਵੇਗੀ। ਇਸ ਯੋਜਨਾ ਨਾਲ ਵਾਧਾ ਅਤੇ ਰੋਜ਼ਗਾਰ ਸਿਰਜਣ ਨੂੰ ਹੁੰਗਾਰਾ ਮਿਲੇਗਾ। ਵਿੱਤੀ ਵਰ੍ਹੇ 2017-18 ਦਾ ਬਜਟ ਪੇਸ਼ ਕਰਦਿਆਂ ਜੇਤਲੀ ਨੇ ਕਿਹਾ ਕਿ ਇਹ ਯੋਜਨਾ ਪਿਛਲੇ ਸਾਲ ਜੂਨ ਵਿਚ ਕੱਪੜਾ ਖੇਤਰ ਲਈ ਐਲਾਨੀ ਯੋਜਨਾ ਦੀ ਤਰਜ਼ 'ਤੇ ਹੋਵੇਗੀ। 

ਉਨ੍ਹਾਂ ਕਿਹਾ, ''ਕੱਪੜਾ ਖੇਤਰ 'ਚ ਰੋਜ਼ਗਾਰ ਸਿਰਜਣ ਲਈ ਇਕ ਵਿਸ਼ੇਸ਼ ਯੋਜਨਾ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਚਮੜਾ ਅਤੇ ਫੁੱਟਵੀਅਰ ਖੇਤਰ ਲਈ ਵੀ ਅਜਿਹੀ ਯੋਜਨਾ ਲਿਆਂਦੀ ਜਾਵੇਗੀ।'' ਜੂਨ 2016 'ਚ ਸਰਕਾਰ ਨੇ ਕੱਪੜਾ ਅਤੇ ਪਹਿਰਾਵਾ ਖੇਤਰ ਲਈ 6 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਕਿ 3 ਸਾਲਾਂ 'ਚ 1 ਕਰੋੜ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਕੀਤੀ ਜਾ ਸਕੇ। ਇਸ ਨਾਲ 11 ਅਰਬ ਡਾਲਰ ਦਾ ਨਿਵੇਸ਼ ਆਕਰਸ਼ਿਤ ਕੀਤਾ ਜਾਵੇਗਾ ਅਤੇ ਲਗਭਗ 30 ਹਜ਼ਾਰ ਡਾਲਰ ਦੀ ਬਰਾਮਦ ਹੋ ਸਕੇਗੀ।