ਨਵੀਂ ਦਿੱਲੀ— ਮੋਬਾਇਲ ਫੋਨ 'ਚ ਵਰਤੇ ਜਾਣ ਵਾਲੇ ਸਾਮਾਨ 'ਤੇ 2 ਫੀਸਦੀ ਵਾਧੂ ਵਿਸ਼ੇਸ਼ ਚਾਰਜ ਲੱਗਣ ਕਾਰਨ 'ਮੇਕ ਇਨ ਇੰਡੀਆ' ਮੋਬਾਇਲ ਫੋਨ ਦੀ ਕੀਮਤ ਵਧਣ ਦੀ ਸੰਭਾਵਨਾ ਹੈ। ਪਹਿਲਾਂ ਇਸ 'ਤੇ ਜ਼ੀਰੋ ਫੀਸਦੀ ਡਿਊਟੀ ਸੀ। ਮੋਬਾਇਲ ਫੋਨ 'ਚ ਇਸਤੇਮਾਲ 'ਪ੍ਰਿੰਟਡ ਸਰਕਟ ਬੋਰਡ' (ਪੀ. ਸੀ. ਬੀ.) ਦੀ ਦਰਾਮਦ ਕੀਤੀ ਜਾਂਦੀ ਹੈ। ਇਸ ਦਾ ਮੁੱਲ ਮੋਬਾਇਲ ਫੋਨ ਦੀ ਕੁੱਲ ਲਾਗਤ ਦਾ ਤਕਰੀਬਨ 50 ਫੀਸਦੀ ਦੇ ਬਰਾਬਰ ਹੁੰਦਾ ਹੈ। ਅਜਿਹੇ 'ਚ ਅੰਦਾਜ਼ਾ ਹੈ ਕਿ ਮੋਬਾਇਲ ਫੋਨ ਦੀ ਕੀਮਤ ਘੱਟੋ-ਘੱਟ ਇਕ-ਦੋ ਫੀਸਦੀ ਵਧ ਜਾਵੇਗੀ।

ਪੀ. ਸੀ. ਬੀ. ਨੂੰ ਮੋਬਾਇਲ ਫੋਨ ਦਾ ਦਿਲ ਮੰਨਿਆ ਜਾਂਦਾ ਹੈ। ਇਸ ਬਾਰੇ ਪੁੱਛੇ ਜਾਣ 'ਤੇ ਪੈਨਾਸੋਨਿਕ ਇੰਡੀਆ ਦੇ ਸੀ. ਈ. ਓ. ਮਨੀਸ਼ ਸ਼ਰਮਾ ਨੇ ਕਿਹਾ ਕਿ ਚਾਰਜ ਲਾਉਣ ਕਾਰਨ ਮੋਬਾਇਲ ਦੀ ਕੀਮਤ 1-2 ਫੀਸਦੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ 'ਚ ਇਸ ਲਾਗਤ ਦੀ ਪੂਰਤੀ ਗਾਹਕਾਂ ਤੋਂ ਹੀ ਕਰਨੀ ਪਵੇਗੀ ਕਿਉਂਕਿ ਕੰਪਨੀਆਂ ਇੰਨਾ ਬੋਝ ਚੁੱਕਣ ਦੀ ਸਥਿਤੀ 'ਚ ਨਹੀਂ ਹਨ। 

ਇਕ ਹੋਰ ਸੀਨੀਅਰ ਮਾਹਰ ਤਰੁਣ ਪਾਠਕ ਨੇ ਕਿਹਾ ਕਿ ਵਾਧੂ ਚਾਰਜ 'ਚ 2 ਫੀਸਦੀ ਦੇ ਵਾਧੇ ਕਾਰਨ ਨਿਸ਼ਚਤ ਤੌਰ 'ਤੇ ਮੋਬਾਇਲਾਂ ਦੀ ਕੀਮਤ ਵਧੇਗੀ ਪਰ ਇਹ ਨਿਰਮਾਤਾ ਕੰਪਨੀ 'ਤੇ ਨਿਰਭਰ ਕਰਦਾ ਹੈ ਕਿ ਇਸ ਦੀ ਪੂਰਤੀ ਗਾਹਕਾਂ ਤੋਂ ਕਰਨੀ ਹੈ ਜਾਂ ਫਿਰ ਖੁਦ ਬੋਝ ਚੁੱਕਣਾ ਹੈ।

ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੰਪਨੀਆਂ ਹੋਰ ਚੀਜ਼ਾਂ ਨਾਲ ਸਮਝੌਤਾ ਕਰਨ ਅਤੇ ਇਸ ਲਾਗਤ ਦੀ ਭਰਪਾਈ ਕਰਨ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਪੀ. ਸੀ. ਬੀ. ਦਾ ਨਿਰਮਾਣ ਅਜੇ ਆਸਾਨ ਨਹੀਂ ਹੈ। ਮੁੱਖ ਤੌਰ 'ਤੇ ਅਜੇ ਇਸ ਦੀ ਦਰਾਮਦ ਹੀ ਕੀਤੀ ਜਾਂਦੀ ਹੈ। ਉਂਝ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਇਹ ਕਦਮ ਦੇਸ਼ 'ਚ ਹੀ ਪੀ. ਸੀ. ਬੀ. ਦੇ ਨਿਰਮਾਣ ਨੂੰ ਵਾਧਾ ਦੇਣ ਲਈ ਚੁੱਕਿਆ ਹੈ।