ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਬਜਟ 2017-18 'ਚ ਨਿੱਜੀ ਆਮਦਨ ਟੈਕਸ 'ਚ ਕਿਸੇ ਵੱਡੀ ਛੋਟ ਦਾ ਐਲਾਨ ਨਹੀਂ ਕੀਤਾ। ਟੈਕਸ ਮੁਕਤ ਆਮਦਨ ਦੀ ਹੱਦ ਪਹਿਲਾਂ ਦੀ ਤਰ੍ਹਾਂ 2.5 ਲੱਖ ਰੁਪਏ ਹੀ ਰੱਖੀ ਗਈ ਹੈ। ਇਸ 'ਚ ਥੋੜ੍ਹਾ ਜਿਹਾ ਬਦਲਾਅ ਇਹ ਕੀਤਾ ਗਿਆ ਹੈ ਕਿ ਜਿੱਥੇ ਪਹਿਲਾਂ 2.5 ਲੱਖ ਤੋਂ ਵਧ ਅਤੇ 5 ਲੱਖ ਰੁਪਏ ਤਕ ਦੀ ਆਮਦਨ 'ਤੇ 10 ਫੀਸਦੀ ਟੈਕਸ ਲੱਗਦਾ ਸੀ, ਉਸ ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਮਤਲਬ ਕਿ ਹੁਣ 2.5 ਤੋਂ 5 ਲੱਖ ਤਕ ਦੀ ਆਮਦਨ 'ਤੇ 5 ਫੀਸਦੀ ਦੀ ਦਰ ਨਾਲ ਟੈਕਸ ਦੇਣਾ ਹੋਵੇਗਾ। ਉੱਥੇ ਹੀ 3.5 ਲੱਖ ਰੁਪਏ ਤਕ ਦੀ ਆਮਦਨ 'ਤੇ 2500 ਰੁਪਏ ਦੀ ਟੈਕਸ ਛੋਟ ਹੋਵੇਗੀ। ਆਮਦਨ ਟੈਕਸ ਦੀ ਧਾਰਾ 87 (ਏ) ਤਹਿਤ ਮਿਲਣ ਵਾਲੀ ਛੋਟ, ਜੋ ਪੰਜ ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ 5,000 ਰੁਪਏ ਤਕ ਮਿਲਦੀ ਸੀ, ਉਸ ਨੂੰ ਘਟਾ ਕੇ 2,500 ਰੁਪਏ ਕਰ ਦਿੱਤਾ ਗਿਆ ਹੈ। ਹੁਣ ਜੇਕਰ ਆਮਦਨ ਟੈਕਸ ਦੀ ਟੈਕਸ ਦਰ ਅਤੇ ਧਾਰਾ 87 (ਏ) ਨੂੰ ਜੋੜ ਕੇ ਦੇਖੀਏ ਤਾਂ ਜਿਨ੍ਹਾਂ ਲੋਕਾਂ ਦੀ ਆਮਦਨ 3 ਲੱਖ ਰੁਪਏ ਹੈ ਉਨ੍ਹਾਂ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ।
ਸਾਲਾਨਾ 3 ਲੱਖ ਰੁਪਏ ਤੱਕ ਕਿਵੇਂ ਮਿਲੇਗੀ ਛੋਟ
ਨਵੀਂ ਟੈਕਸ ਦਰ ਮੁਤਾਬਕ ਸਾਲਾਨਾ 3 ਲੱਖ ਰੁਪਏ ਦੀ ਆਮਦਨ ਵਾਲਿਆਂ ਨੂੰ ਟੈਕਸ ਯੋਗ ਆਮਦਨ 'ਤੇ 5 ਫੀਸਦੀ ਟੈਕਸ ਦੇਣਾ ਹੋਵੇਗਾ। 2.5 ਲੱਖ ਰੁਪਏ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗਦਾ ਹੈ। ਮਤਲਬ ਕਿ ਸਾਲਾਨਾ 3 ਲੱਖ ਰੁਪਏ ਦੀ ਆਮਦਨ 'ਤੇ ਟੈਕਸ ਯੋਗ ਆਮਦਨ 50,000 ਰੁਪਏ ਬਣੀ, ਜਿਸ 'ਤੇ ਟੈਕਸ ਲੱਗੇਗਾ। ਇਸ 'ਤੇ 5 ਫੀਸਦੀ ਟੈਕਸ ਦਰ ਮੁਤਾਬਕ ਟੈਕਸ ਦੇਣਦਾਰੀ ਬਣੀ 2.5 ਹਜ਼ਾਰ ਰੁਪਏ। 3.5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 2.5 ਹਜ਼ਾਰ ਰੁਪਏ ਟੈਕਸ ਛੋਟ ਮਿਲੀ ਹੋਈ ਹੈ। ਅਜਿਹੇ 'ਚ ਜੇਕਰ ਤੁਹਾਡੀ ਸਾਲਾਨਾ ਆਮਦਨ 3 ਲੱਖ ਰੁਪਏ ਹੈ ਤਾਂ ਤੁਹਾਨੂੰ ਜੀਰੋ ਟੈਕਸ ਦੇਣਾ ਹੋਵੇਗਾ। 
ਮੋਟੇ ਤੌਰ 'ਤੇ ਖੁਸ਼ੀ ਅਧੂਰੀ ਰਹੀ ਕਿਉਂਕਿ ਨੋਟਬੰਦੀ ਤੋਂ ਬਾਅਦ ਟੈਕਸ ਦਾਤਾ ਇਹ ਉਮੀਦ ਕਰ ਰਹੇ ਸੀ ਕਿ ਆਮਦਨ ਟੈਕਸ ਦੀ ਛੋਟ 4 ਲੱਖ ਤੱਕ ਵਧੇਗੀ ਪਰ ਅਜਿਹਾ ਨਹੀਂ ਹੋਇਆ। ਹੁਣ ਪਹਿਲਾਂ ਵਾਂਗ ਹੀ 2.5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਹੋਵੇਗਾ। ਬਸ ਥੋੜ੍ਹੀ ਜਿਹੀ ਰਾਹਤ ਇਹ ਦਿੱਤੀ ਗਈ ਹੈ ਕਿ 2.5 ਲੱਖ ਤੋਂ ਵਧ ਅਤੇ 5 ਲੱਖ ਰੁਪਏ ਤਕ ਦੀ ਆਮਦਨ 'ਤੇ 5 ਫੀਸਦੀ ਟੈਕਸ ਲੱਗੇਗਾ, ਜੋ ਕਿ ਪਹਿਲਾਂ 10 ਫੀਸਦੀ ਸੀ। 5 ਲੱਖ ਤੋਂ ਵਧ ਅਤੇ 10 ਲੱਖ ਰੁਪਏ ਤਕ ਦੀ ਆਮਦਨ 'ਤੇ 20 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ। ਉੱਥੇ ਹੀ 10 ਲੱਖ ਤੋਂ ਉੱਪਰ ਦੀ ਸਾਲਾਨਾ ਆਮਦਨ 'ਤੇ 30 ਫੀਸਦੀ ਟੈਕਸ ਲੱਗੇਗਾ।