ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਬਜਟ 'ਚ ਕਿਸੇ ਤਰ੍ਹਾਂ ਦਾ ਨਵਾਂ ਟੈਕਸ ਨਾ ਲਾਉਂਦੇ ਹੋਏ ਸਿੱਖਿਆ, ਸਿਹਤ, ਆਵਾਜਾਈ ਅਤੇ ਰਿਹਾਇਸ਼ ਖੇਤਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਵਿੱਤ ਮੰਤਰੀ ਮਨੀਸ਼ ਸਿਸੌਦੀਆ ਨੇ ਬੁੱਧਵਾਰ ਨੂੰ ਵਿਧਾਨ ਸਭਾ 'ਚ ਵਿੱਤੀ ਸਾਲ 2017-18 ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਲਗਾਤਾਰ ਤੀਜੇ ਸਾਲ ਟੈਕਸ ਮੁਕਤ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਿਹਤ, ਸਿੱਖਿਆ, ਜਨਤਕ ਆਵਾਜਾਈ ਅਤੇ ਝੁੱਗੀ-ਝੌਂਪੜੀ ਵਾਲਿਆਂ ਨੇ ਸਸਤੇ ਘਰ ਉਪਲੱਬਧ ਕਰਵਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਸੀਨੀਅਰ ਨਾਗਰਿਕਾਂ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਹੈ। 
ਬਜਟ 'ਚ ਘੱਟ ਕੀਮਤ ਵਾਲੇ ਸੈਨੇਟਰੀ ਨੈਪਕਿਨ ਅਤੇ ਜਹਾਜ਼ ਫਿਊਲ 'ਤੇ ਟੈਕਸ ਘੱਟ ਕੀਤੇ ਜਾਣ ਦਾ ਪ੍ਰਸਤਾਵ ਕੀਤਾ ਗਿਆ ਹੈ। ਆਉਣ ਵਾਲੇ ਵਿੱਤ ਸਾਲ 'ਚ ਸਰਕਾਰ ਨੇ 38 ਹਜ਼ਾਰ 700 ਕਰੋੜ ਰੁਪਏ ਟੈਕਸ ਮਾਲੀਆ ਪ੍ਰਾਪਤੀ ਦਾ ਟੀਚਾ ਰੱਖਿਆ ਹੈ। ਸਿੱਖਿਆ ਖੇਤਰ 'ਚ 34 ਨਵੇਂ ਸਕੂਲ ਖੋਲ੍ਹਣ ਦੇ ਨਾਲ ਹੀ 10 ਹਜ਼ਾਰ ਨਵੇਂ ਕਮਰੇ ਅਤੇ 400 ਨਵੀਆਂ ਲਾਇਬਰੇਰੀਆਂ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਹੈ। ਸਾਰੇ ਸਕੂਲਾਂ 'ਚ ਡਾਂਸ ਅਧਿਆਪਕਾਂ ਦੀ ਨਿਯੁਕਤੀ ਅਤੇ ਵਿਦਿਆਰਥੀਆਂ ਦੀ ਜਾਣਕਾਰੀ ਰੱਖਣ ਲਈ ਅਧਿਆਪਕਾਂ ਨੂੰ ਕੰਪਿਊਟਰ ਟੈਬਲੇਟ ਉਪਲੱਬਧ ਕਰਵਾਏ ਜਾਣਗੇ।
ਅਗਲੇ ਵਿੱਤ ਸਾਲ 'ਚ 10 ਹਜ਼ਾਰ ਨਵੇਂ ਆਟੋ ਪਰਮਿਟ, ਕਲਸਟਰ ਯੋਜਨਾ ਦੇ ਅਧੀਨ 736 ਨਵੀਆਂ ਬੱਸਾਂ ਸ਼ਾਮਲ ਕਰਨ ਅਤੇ ਸਾਰੀਆਂ ਬੱਸਾਂ 'ਚ ਟਿਕਟ ਇਲੈਕਟ੍ਰਾਨਿਕ ਮਸ਼ੀਨ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਆਈ.ਟੀ.ਓ. 'ਤੇ ਪੈਦਲ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਸਕਾਈਵਾਕ ਅਤੇ ਫੁਟਓਵਰ ਬਰਿੱਜ ਬਣਾਇਆ ਜਾਵੇਗਾ। ਦਿੱਲੀ ਨੂੰ ਖੁੱਲ੍ਹੇ 'ਚ ਟਾਇਲਟ ਮੁਕਤ ਸ਼ਹਿਰ ਬਣਾਉਣ ਦੀ ਦਿਸ਼ਾ 'ਚ ਆਉਣ ਵਾਲੇ ਵਿੱਤ ਸਾਲ ਦੌਰਾਨ 6 ਹਜ਼ਾਰ ਨਵੇਂ ਟਾਇਲਟ ਬਣਾਏ ਜਾਣਗੇ।