ਧੂਰੀ (ਸੰਜੀਵ ਜੈਨ, ਸ਼ਰਮਾ) : ਧੂਰੀ ਦੇ ਕਹੇਰੂ ਰੋਡ 'ਤੇ ਗੁਰੂ ਨਾਨਕ ਕੋਲਡ ਸਟੋਰ 'ਚ ਸ਼ੁੱਕਰਵਾਰ ਨੂੰ ਹੋਏ ਇਕ ਜ਼ੋਰਦਾਰ ਧਮਾਕੇ 'ਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 15 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਦਾ ਦੁੱਖ ਕਿਸੇ ਕੋਲੋਂ ਦੇਖਿਆ ਨਹੀਂ ਜਾ ਰਿਹਾ ਸੀ। ਮ੍ਰਿਤਕਾਂ 'ਚ ਪਿਓ-ਪੁੱਤ ਵੀ ਸ਼ਾਮਲ ਸਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਦੇਖ ਪਤਨੀ-ਮਾਂ ਵਾਰ-ਵਾਰ ਗਸ਼ ਖਾ ਕੇ ਡਿਗ ਰਹੀ ਸੀ। ਲੋਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹੌਂਸਲਾ ਦਿੰਦੇ ਹੋਏ ਨਜ਼ਰ ਆਏ।
ਕਿਵੇਂ ਹੋਇਆ ਧਮਾਕਾ 
ਜਾਣਕਾਰੀ ਅਨੁਸਾਰ ਸਵੇਰੇ ਸਾਢੇ 10 ਵਜੇ ਕਿਸੇ ਗੈਸ ਕਾਰਨ ਵੱਡਾ ਧਮਾਕਾ ਹੋਣ ਕਰ ਕੇ ਕੋਲਡ ਸਟੋਰ ਦੀ ਇਮਾਰਤ ਢਹਿ-ਢੇਰੀ ਹੋ ਗਈ ਅਤੇ ਇਮਾਰਤ ਵਿਚ ਕੰਮ ਕਰਨ ਵਾਲੇ ਕਈ ਵਿਅਕਤੀ ਮਲਬੇ ਹੇਠ ਦੱਬ ਗਏ। ਮਲਬੇ ਹੇਠਾਂ ਦੱਬਣ ਕਾਰਨ ਜਿੱਥੇ 4 ਵਿਅਕਤੀਆਂ ਦੀ ਮੌਤ ਹੋ ਗਈ, ਉਥੇ ਮਲਬੇ ਹੇਠ ਦੱਬੇ ਅਤੇ ਗੈਸ ਚੜ੍ਹਨ ਕਾਰਨ ਆਲੇ-ਦੁਆਲੇ ਲੋਕਾਂ ਨੂੰ ਮਿਲਾ ਕੇ 15 ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਨ੍ਹਾਂ ਜ਼ਖਮੀਆਂ ਅਤੇ ਗੈਸ ਨਾਲ ਪ੍ਰਭਾਵਿਤ 6 ਵਿਅਕਤੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਸੀ, ਜਦੋਂ ਕਿ ਇਨ੍ਹਾਂ ਵਿਚੋਂ 4 ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਅਤੇ ਬਾਕੀ ਜ਼ਖਮੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।  
ਪ੍ਰਸ਼ਾਸਨ ਨੇ ਵੱਡੇ ਪੱਧਰ 'ਤੇ ਚਲਾਇਆ ਰੈਸਕਿਊ ਆਪ੍ਰੇਸ਼ਨ
ਧਮਾਕੇ ਤੋਂ ਬਾਅਦ ਕੋਲਡ ਸਟੋਰ ਨੇੜਲੇ ਇਲਾਕੇ 'ਚ ਗੈਸ ਫੈਲਣ ਨਾਲ ਕਈ ਲੋਕ ਤਕਲੀਫ ਮਹਿਸੂਸ ਕਰਦੇ ਹੋਏ ਨਜ਼ਰ ਆਏ। ਇਸ ਹਾਦਸੇ 'ਚ ਆਲੇ-ਦੁਆਲੇ ਦੇ ਕਈ ਮਕਾਨ ਵੀ ਨੁਕਸਾਨੇ ਗਏ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਅਮਰ ਪ੍ਰਤਾਪ ਸਿੰਘ, ਐੈੱਸ.ਐੈੱਸ.ਪੀ. ਸੰਗਰੂਰ ਇੰਦਰਬੀਰ ਸਿੰਘ, ਐੈੱਸ. ਡੀ. ਐੈੱਮ. ਧੂਰੀ ਅਮਰਿੰਦਰ ਸਿੰਘ ਟਿਵਾਣਾ ਅਤੇ ਡੀ. ਐੈੱਸ. ਪੀ. ਧੂਰੀ ਕਰਨਸ਼ੇਰ ਸਿੰਘ ਸਣੇ ਸਮੁੱਚਾ ਪੁਲਸ ਅਤੇ ਪ੍ਰਸ਼ਾਸਨਿਕ ਅਮਲਾ ਵੀ ਮੌਕੇ 'ਤੇ ਪੁੱਜਿਆ। ਮਲਬੇ ਹੇਠਾਂ ਦੱਬੇ ਹੋਏ ਲੋਕਾਂ ਨੂੰ ਕੱਢਣ ਲਈ ਪ੍ਰਸ਼ਾਸਨ ਵਲੋਂ ਜੇ. ਸੀ. ਬੀ., ਫਾਇਰ ਬ੍ਰਿਗੇਡ, ਐਂਬੂਲੈਂਸਾਂ ਆਦਿ ਵੀ ਮੌਕੇ 'ਤੇ ਮੰਗਵਾਈਆਂ ਗਈਆਂ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਿਆ ਗਿਆ। ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਐੱਨ.ਡੀ.ਆਰ.ਐੱਫ. ਦੀ ਟੀਮ ਵੀ ਮੌਕੇ 'ਤੇ ਪੁੱਜੀ ਹੋਈ ਸੀ।  ਡੀ. ਸੀ. ਨੇ ਐੱਸ. ਡੀ. ਐੱਮ. ਨੂੰ ਦਿੱਤੇ ਜਾਂਚ ਦੇ ਹੁਕਮ-ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਮੌਕੇ 'ਤੇ ਪੁੱਜੇ। ਜ਼ਿਕਰਯੋਗ ਹੈ ਕਿ ਖੁਦ ਹਲਕਾ ਵਿਧਾਇਕ ਦਲਵੀਰ ਗੋਲਡੀ ਵੀ ਲੋਕਾਂ ਨੂੰ ਮਲਬੇ ਹੇਠੋਂ ਕੱਢਦੇ ਹੋਏ ਨਜ਼ਰ ਆਏ। ਡੀ. ਸੀ. ਨੇ ਇਸ ਮਾਮਲੇ ਦੀ ਜਾਂਚ ਕਰ ਕੇ ਜਲਦੀ ਇਸ ਦੀ ਰਿਪੋਰਟ ਭੇਜਣ ਲਈ ਸਥਾਨਕ ਐੈੱਸ.ਡੀ.ਐੈੱਮ. ਨੂੰ ਹਦਾਇਤ ਕੀਤੀ ਹੈ। 
ਮੁੱਖ ਮੰਤਰੀ ਨੇ ਪੀੜਤਾਂ ਲਈ 1-1 ਲੱਖ ਦੀ ਸਹਾਇਤਾ ਐਲਾਨੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਲਡ ਸਟੋਰ 'ਚ ਹੋਏ ਧਮਾਕੇ ਵਿਚ ਮਾਰੇ ਗਏ 4 ਵਿਅਕਤੀਆਂ ਤੇ ਜ਼ਖ਼ਮੀ ਹੋਏ 13 ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਉਂਦਿਆਂ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਹਤ ਆਪ੍ਰੇਸ਼ਨ ਤੇਜ਼ੀ ਨਾਲ ਚਲਾਏ। ਮੁੱਖ ਮੰਤਰੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 1-1 ਲੱਖ ਤੇ ਜ਼ਖ਼ਮੀ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਧਮਾਕੇ ਦੀ ਜਾਂਚ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਹਨ।