ਆਬੂਧਾਬੀ- ਅਫਗਾਨਿਸਤਾਨ ਇੱਥੇ ਸੁਪਰ-4 ਮੁਕਾਬਲੇ ਵਿਚ ਪਾਕਿਸਤਾਨ ਹੱਥੋਂ 3 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਹਾਰ ਗਿਆ। ਅਫਗਾਨਿਸਤਾਨ ਨੇ ਹਸ਼ਮਤਉੱਲਾ ਸ਼ਾਹਿਦੀ (ਅਜੇਤੂ 97) ਤੇ ਕਪਤਾਨ ਅਸਗਰ ਅਫਗਾਨ (67) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਪਹਿਲਾਂ ਖੇਡਦਿਆਂ 6 ਵਿਕਟਾਂ 'ਤੇ 257 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਉਸਦੇ ਗੇਂਦਬਾਜ਼ਾਂ ਨੇ ਹਾਲਾਂਕਿ ਪੂਰੇ ਮੈਚ ਵਿਚ ਆਪਣਾ ਦਬਦਬਾ ਬਣਾਈ ਰੱਖਿਆ ਪਰ ਸ਼ੋਇਬ ਮਲਿਕ (ਅਜੇਤੂ 51) ਤੇ ਇਮਾਮ ਉਲ ਹੱਕ (80) ਤੇ ਬਾਬਰ ਆਜ਼ਮ (66) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ 49.3 ਓਵਰਾਂ ਵਿਚ 7 ਵਿਕਟਾਂ 'ਤੇ 258 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ।

PunjabKesari
ਪਾਕਿਸਤਾਨ ਨੂੰ ਆਖਰੀ ਓਵਰ ਵਿਚ 10 ਦੌੜਾਂ ਦੀ ਲੋੜ ਸੀ ਤੇ ਤਜਰਬੇਕਾਰ ਮਲਿਕ ਨੇ ਇਸ ਓਵਰ ਵਿਚ ਇਕ ਛੱਕਾ ਤੇ ਇਕ ਚੌਕਾ ਲਾ ਕੇ ਜਿੱਤ ਆਪਣੀ ਟੀਮ ਦੀ ਝੋਲੀ ਵਿਚ ਪਾ ਦਿੱਤੀ। ਸ਼ੋਇਬ ਮਲਿਕ ਨੇ 43ਗੇਂਦਾਂ 'ਤੇ 51 ਦੌੜਾਂ ਵਿਚ 3 ਚੌਕੇ ਤੇ ਇਕ ਛੱਕਾ ਲਾਇਆ।
ਅਫਗਾਨਿਸਤਾਨ ਵਲੋਂ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਹਾਸਲ ਕੀਤੀਆਂ 3 ਵਿਕਟਾਂ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਲਗਾਤਾਰ ਤੀਜੇ ਮੈਚ ਵਿਚ ਮਜ਼ਬੂਤ ਸਕੋਰ ਬਣਾਇਆ ਤੇ ਇਸ ਟੂਰਨਾਮੈਂਟ ਵਿਚ ਇਹ ਉਸਦਾ ਸਭ ਤੋਂ ਵੱਡਾ ਸਕੋਰ ਹੈ। ਅਫਗਾਨਿਸਤਾਨ ਨੇ ਇਸ ਤੋਂ ਪਹਿਲਾਂ ਗਰੁੱਪ ਗੇੜ ਵਿਚ ਸ਼੍ਰੀਲੰਕਾ ਵਿਰੁੱਧ 249 ਦੌੜਾਂ ਤੇ ਬੰਗਲਾਦੇਸ਼ ਵਿਰੁੱਧ 255 ਦੌੜਾਂ ਬਣਾਈਆਂ ਸਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਆਪਣੀਆਂ 3 ਵਿਕਟਾਂ 94 ਦੌੜਾਂ ਤਕ ਗੁਆ ਦਿੱਤੀਆਂ ਸਨ ਪਰ ਸ਼ਾਹਿਦੀ ਤੇ ਅਫਗਾਨ ਨੇ ਚੌਥੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ। ਅਫਗਾਨ ਨੇ 56 ਗੇਂਦਾਂ 'ਤੇ 67 ਦੌੜਾਂ ਦੀ ਧਮਾਕੇਦਾਰ ਪਾਰੀ ਵਿਚ 2 ਚੌਕੇ ਤੇ 5 ਛੱਕੇ ਲਾਏ।
ਸ਼ਾਹਿਦੀ ਅੰਤ ਤਕ ਅਜੇਤੂ ਰਿਹਾ ਪਰ ਆਪਣੇ ਸੈਂਕੜੇ ਤੋਂ ਤਿੰਨ ਦੌੜਾਂ ਦੂਰ ਰਹਿ ਗਿਆ। ਸ਼ਾਹਿਦੀ ਨੇ 118 ਗੇਂਦਾਂ 'ਤੇ ਅਜੇਤੂ 97 ਦੌੜਾਂ ਵਿਚ ਸੱਤ ਚੌਕੇ ਲਾਏ। ਰਹਿਮਤ ਸ਼ਾਹ ਨੇ 37 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਮੁਹੰਮਦ ਨਵਾਜ ਨੇ 57 ਦੌੜਾਂ 'ਤੇ 3 ਵਿਕਟਾਂ ਤੇ ਸ਼ਾਹੀਨ ਅਫਰੀਦੀ ਨੇ 38 ਦੌੜਾਂ 'ਤੇ 2 ਵਿਕਟਾਂ ਲਈਆਂ।